ਦਿਲਬਾਗ ਸਿੰਘ ਗਿੱਲ
ਅਟਾਰੀ, 4 ਅਕਤੂਬਰ
ਪਾਕਿਸਤਾਨ ਦੇ 99 ਹਿੰਦੂ ਯਾਤਰੀ ਜਿਨ੍ਹਾਂ ਵਿੱਚ 47 ਦੇ ਕਰੀਬ ਬੱਚੇ ਸ਼ਾਮਲ ਹਨ ਜੋ ਕਰੋਨਾ ਮਹਾਂਮਾਰੀ ਦੇ ਚੱਲਦਿਆਂ ਲਾਕਡਊਨ ਕਾਰਨ ਭਾਰਤ ਵਿੱਚ ਫਸੇ ਹੋਏ ਸਨ, ਹੁਣ ਬੀਤੇ 14 ਦਿਨਾਂ ਤੋਂ ਅਟਾਰੀ ਸਰਹੱਦ ਦੇ ਬਾਹਰ ਬੈਠੇ ਵਤਨ ਵਾਪਸੀ ਲਈ ਉਡੀਕ ਕਰ ਰਹੇ ਹਨ। ਇਨ੍ਹਾਂ ਕੋਲ ਖਾਣ ਲਈ ਭੋਜਨ, ਰਹਿਣ ਲਈ ਜਗ੍ਹਾ ਤੇ ਖਰਚਣ ਲਈ ਪੈਸੇ ਵੀ ਨਹੀਂ ਹਨ ਪਰ ਸਥਾਨਕ ਲੋਕਾਂ ਤੇ ਸਿੱਖ ਜਥੇਬੰਦੀਆਂ ਵੱਲੋਂ ਇਨ੍ਹਾਂ ਪਾਕਿਸਤਾਨੀ ਹਿੰਦੂ ਯਾਤਰੀਆਂ ਲਈ ਤਿੰਨ ਸਮੇਂ ਦਾ ਖਾਣਾ, ਚਾਹ, ਦਵਾਈਆਂ ਤੇ ਹੋਰ ਵਸਤਾਂ ਦਾ ਪ੍ਰਬੰਧ ਕੀਤਾ ਗਿਆ ਹੈ। ਅਟਾਰੀ ਸਰਹੱਦ ਦੇ ਬਾਹਰ ਖਾਲੀ ਪਏ ਇੱਕ ਢਾਬੇ ਤੇ ਹੋਰ ਥਾਵਾਂ ਵਿੱਚ ਪਰਿਵਾਰਾਂ ਸਮੇਤ ਰਹਿ ਕੇ ਘਰ ਵਾਪਸੀ ਦੀ ਉਡੀਕ ਕਰ ਰਹੇ ਹਨ।
ਪਾਕਿਸਤਾਨੀ ਸੂਬਾ ਸਿੰਧ ਤੇ ਪੰਜਾਬ ਦੇ ਇਹ ਹਿੰਦੂ ਯਾਤਰੀ 21 ਸਤੰਬਰ ਨੂੰ ਵਤਨ ਪਰਤਣ ਲਈ ਅਟਾਰੀ ਸਰਹੱਦ ਵਿਖੇ ਪਹੁੰਚੇ ਸਨ ਪਰ ਪਾਕਿਸਤਾਨ ਜਾਣ ਲਈ ਆਗਿਆ ਅਤੇ ਜੋਧਪੁਰ (ਰਾਜਸਥਾਨ) ਤੋਂ ਪੁਲੀਸ ਕਲੀਅਰੈਂਸ ਸਰਟੀਫਿਕੇਟ ਨਾ ਹੋਣ ਕਾਰਨ ਇਨ੍ਹਾਂ ਨੂੰ ਜਾਣ ਤੋਂ ਰੋਕ ਦਿੱਤਾ ਗਿਆ ਸੀ। ਕੇਵਲ ਦਾਸ ਤੇ ਮੋਹਨ ਲਾਲ ਵਾਸੀ ਸੂਬਾ ਸਿੰਧ ਨੇ ਦੱਸਿਆ ਕਿ ਉਹ ਜੋਧਪੁਰ (ਰਾਜਸਥਾਨ) ਵਿੱਚ ਰਹਿੰਦੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਭਾਰਤ ਆਏ ਸਨ। ਲੌਕਡਾਊਨ ਲੱਗ ਜਾਣ ਕਾਰਨ ਉਹ ਵਾਪਸ ਨਹੀਂ ਸਨ ਪਰਤ ਸਕੇ।
ਹਿੰਦੂ ਯਾਤਰੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਦੋਂ ਤੱਕ ਉਨ੍ਹਾਂ ਦੀ ਵਤਨ ਵਾਪਸੀ ਦਾ ਮਸਲਾ ਹੱਲ ਨਹੀਂ ਹੁੰਦਾ ਤਦ ਤੱਕ ਪਰਿਵਾਰਾਂ ਦਾ ਕਿਸੇ ਸੁਰੱਖਿਅਤ ਜਗ੍ਹਾ ’ਤੇ ਰਹਿਣ ਲਈ ਪ੍ਰਬੰਧ ਕੀਤਾ ਜਾਵੇ। ਅਟਾਰੀ ਸਥਿਤ ਗੁਰਦੁਆਰਾ ਨੀਲਧਾਰੀ ਅਤੇ ਨੇੜਲੇ ਪਿੰਡ ਰੋੜਾਂਵਾਲਾ ਖੁਰਦ ਦੇ ਲੋਕਾਂ ਵੱਲੋਂ ਇਨ੍ਹਾਂ ਪਾਕਿਸਤਾਨੀ ਹਿੰਦੂ ਯਾਤਰੀਆਂ ਨੂੰ ਲੰਗਰ ਦਿੱਤਾ ਜਾ ਰਿਹਾ ਹੈ।