ਕੇਪੀ ਸਿੰਘ
ਗੁਰਦਾਸਪੁਰ, 21 ਅਪਰੈਲ
ਇੱਥੋਂ ਦੇ ਰਾਮ ਸਿੰਘ ਦੱਤ ਯਾਦਗਾਰੀ ਹਾਲ ਵਿੱਚ ਪੰਜਾਬੀ ਸਾਹਿਤ ਸਭਾ, ਗੁਰਦਾਸਪੁਰ ਵੱਲੋਂ ਸਮਾਗਮ ਪ੍ਰੋ. ਕਿਰਪਾਲ ਸਿੰਘ ਯੋਗੀ, ਮੱਖਣ ਕੁਹਾੜ, ਸੁਭਾਸ਼ ਦੀਵਾਨਾ ਅਤੇ ਨਿਰਮਲ ਨਿੰਮਾ ਲੰਗਾਹ ਦੀ ਸਾਂਝੀ ਪ੍ਰਧਾਨਗੀ ਹੇਠ ਕਰਵਾਇਆ ਗਿਆ। ਇਸ ਮੌਕੇ ਨਾਵਲਕਾਰ ਨਿਰਮਲ ਨਿੰਮਾ ਲੰਗਾਹ ਦੇ ਨਾਵਲ ‘ਜਾਤ-ਕੁਜਾਤ’ ਦਾ ਲੋਕ ਅਰਪਣ ਕੀਤਾ ਗਿਆ। ਤਰਸੇਮ ਸਿੰਘ ਭੰਗੂ ਨੇ ਨਾਵਲ ਤੇ ਪਰਚਾ ਪੜ੍ਹਿਆ ਜਿਸ ਵਿੱਚ ਕਥਾਨਕ, ਪਾਤਰ, ਵਾਰਤਾਲਾਪ, ਵਾਤਾਵਰਨ, ਪਿੱਠ-ਭੂਮੀ, ਵਿਸ਼ੇ ਤੇ ਸ਼ੈਲੀ ’ਤੇ ਆਲੋਚਨਾ ਕੀਤੀ। ਮੱਖਣ ਕੁਹਾੜ, ਸੀਤਲ ਸਿੰਘ ਗੁੰਨੋਪੁਰੀ, ਮੰਗਤ ਚੰਚਲ, ਸੁਭਾਸ਼ ਦੀਵਾਨਾ, ਅਤੇ ਪ੍ਰੋ. ਕਿਰਪਾਲ ਸਿੰਘ ਯੋਗੀ ਨੇ ਵਿਚਾਰ ਚਰਚਾ ਵਿਚ ਭਾਗ ਲਿਆ। ਇਸ ਉਪਰੰਤ ਕਵੀ ਦਰਬਾਰ ਦਾ ਆਗਾਜ਼ ਕਾਮਰੇਡ ਮੁਲਖ ਰਾਜ ਦੇ ਗੀਤ ਨਾਲ ਹੋਇਆ। ਗੀਤਾਂ ਦੀ ਲੜੀ ਨੂੰ ਪ੍ਰਤਾਪ ਪਾਰਸ, ਪ੍ਰੀਤ ਰਾਣਾ, ਬਲਦੇਵ ਸਿੰਘ ਸਿੱਧੂ ਨੇ ਅਗਾਂਹ ਤੋਰਿਆ। ਗ਼ਜ਼ਲਾਂ ਦੇ ਦੌਰ ਵਿਚ ਮੰਗਤ ਚੰਚਲ, ਮੱਖਣ ਕੁਹਾੜ, ਸੀਤਲ ਸਿੰਘ ਗੁੰਨੋਪੁਰੀ, ਰਣਬੀਰ ਆਕਾਸ਼, ਰਜਨੀਸ਼ ਵਸ਼ਿਸ਼ਟ ਨੇ ਰੰਗ ਬੰਨ੍ਹਿਆ।