ਬੇਅੰਤ ਸਿੰਘ ਸੰਧੂ
ਪੱਟੀ, 16 ਅਕਤੂਬਰ
ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲਿਆਂ ਦੇ ਲੜਕੇ ਨਿਹੰਗ ਪ੍ਰੇਮ ਸਿੰਘ ਅਤੇ ਉਸ ਦੇ ਸਮਰਥਕਾਂ ਨੇ ਸ਼ਹਿਰ ਵਿਚਲੇ ਗੁਰਦੁਆਰਾ ਬਾਬਾ ਬਿਧੀ ਚੰਦ ਭੱਠ ਸਾਹਿਬ ’ਤੇ ਕਬਜ਼ਾ ਕਰ ਲਿਆ ਹੈ। ਹਾਲਾਂਕਿ ਦਲ ਪੰਥ ਦੇ ਸਾਬਕਾ ਮੁਖੀ ਬਾਬਾ ਦਇਆ ਸਿੰਘ ਸੁਰਸਿੰਘ ਵਾਲਿਆਂ ਦੀ ਪਤਨੀ ਬੀਬੀ ਦਇਆ ਕੌਰ ਤੇ ਪੁੱਤਰ ਗੁਰਬਚਨ ਸਿੰਘ ਵੱਲੋਂ ਪਿਛਲੇ ਕਈ ਸਾਲਾਂ ਤੋਂ ਇਸ ਗੁਰਦੁਆਰੇ ਦੀ ਸੇਵਾ ਸੰਭਾਲ ਕੀਤੀ ਜਾ ਰਹੀ ਸੀ। ਘਟਨਾ ਮਗਰੋਂ ਗੁਰਦੁਆਰੇ ਨੇੜੇ ਬਣੇ ਤਣਾਅਪੂਰਨ ਮਾਹੌਲ ਕਰਕੇ ਪੁਲੀਸ ਵੱਲੋਂ ਉੱਥੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ।
ਬੀਬੀ ਦਇਆ ਕੌਰ ਤੇ ਬਾਬਾ ਗੁਰਬਚਨ ਸਿੰਘ ਨੇ ਪੱਟੀ ਦੇ ਡੀਐੱਸਪੀ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਪੁਲੀਸ ਦੀ ਸੁਰੱਖਿਆ ਛੱਤਰੀ ਹੇਠ ਕਬਜ਼ਾਧਾਰਕਾਂ ਨੇ ਗੁਰਦੁਆਰੇ ’ਚ ਅੰਮ੍ਰਿਤ ਵੇਲੇ ਦੀ ਪੰਥਕ ਮਰਿਆਦਾ ਨੂੰ ਭੰਗ ਕੀਤਾ ਹੈ।
ਉਨ੍ਹਾਂ ਕਿਹਾ ਕਿ ਪੁਲੀਸ ਨੇ ਉਨ੍ਹਾਂ ਦੇ ਸੇਵਾਦਾਰ ਨਾਰਬੀਰ ਸਿੰਘ ਨੂੰ ਅਗਵਾ ਕਰ ਲਿਆ ਹੈ ਅਤੇ ਪੰਜ ਸੇਵਾਦਰ ਗੁਰਦੁਆਰੇ ਅੰਦਰ ਬੰਦ ਹਨ। ਪੁਲੀਸ ’ਤੇ ਲੱਗੇ ਦੋਸ਼ਾਂ ਸਬੰਧੀ ਐੱਸਪੀਡੀ ਬਲਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
ਪੱਤਰਕਾਰਾਂ ਨਾਲ ਬਦਕਲਾਮੀ
ਮੀਡੀਆ ਨੇ ਜਦੋਂ ਗਰਦੁਆਰੇ ਅੰਦਰ ਜਾ ਕੇ ਕਵਰੇਜ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪੱਤਰਕਾਰਾਂ ਨੂੰ ਕਬਜ਼ਾਧਾਰਕਾਂ ਲਈ ਪਾਤਸ਼ਾਹ ਤੇ ਮਹਾਪੁਰਖ ਸ਼ਬਦ ਵਰਤਣ ਲਈ ਕਿਹਾ ਗਿਆ। ਅਜਿਹਾ ਨਾ ਕਰਨ ’ਤੇ ਉਨ੍ਹਾਂ ਵੱਲੋਂ ਪੱਤਰਕਾਰਾਂ ਨਾਲ ਬਦਕਲਾਮੀ ਕੀਤੀ ਗਈ ਅਤੇ ਗੁਰਦੁਆਰੇ ਦੇ ਅੰਦਰੂਨੀ ਹਾਲਾਤ ਬਾਰੇ ਕਵਰੇਜ ਕਰਨ ਤੋਂ ਰੋਕ ਦਿੱਤਾ ਗਿਆ।