ਹਰਜੀਤ ਸਿੰਘ ਪਰਮਾਰ
ਬਟਾਲਾ, 21 ਅਪਰੈਲ
ਇਥੋਂ ਦੀ ਅਲੀਵਾਲ ਰੋਡ ’ਤੇ ਨਵ-ਵਿਆਹੁਤਾ ਨੇ ਆਪਣੇ ਪੇਕੇ ਘਰ ਵਿੱਚ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਮ੍ਰਿਤਕਾ ਦੀ ਪਛਾਣ ਗਗਨਦੀਪ ਕੌਰ ਪੁੱਤਰੀ ਗੁਰਮੇਜ ਸਿੰਘ ਵਾਸੀ ਅਲੀਵਾਲ ਰੋਡ ਬਟਾਲਾ ਵਜੋਂ ਹੋਈ ਹੈ। ਉਸ ਦਾ ਦੋ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ ਵਿਆਹ ਤੋਂ ਬਾਅਦ ਉਹ 9 ਕੁ ਦਿਨ ਹੀ ਸਹੁਰੇ ਘਰ ਰਹੀ ਸੀ। ਪਰਿਵਾਰਕ ਸੂਤਰਾਂ ਅਨੁਸਾਰ ਉਸ ਦੀ ਆਪਣੇ ਪਤੀ ਨਾਲ ਅਣਬਣ ਚੱਲ ਰਹੀ ਸੀ। ਉਸ ਦੇ ਪਿਤਾ ਦੀ ਕੁੱਝ ਸਮਾਂ ਪਹਿਲਾਂ ਹੀ ਮੌਤ ਹੋ ਗਈ ਸੀ ਅਤੇ ਉਸ ਦੀਆਂ ਦੋ ਭੈਣਾਂ ਵਿਆਹੀਆਂ ਹੋਈਆਂ ਹਨ ਤੇ ਭਰਾ ਵਿਦੇਸ਼ ਵਿੱਚ ਰਹਿੰਦਾ ਹੈ। ਇਸ ਕਰਕੇ ਉਹ ਤੇ ਉਸ ਦੀ ਮਾਂ ਇੱਥੇ ਇਕੱਲੀਆਂ ਹੀ ਰਹਿ ਰਹੀਆਂ ਸਨ। ਉਨ੍ਹਾਂ ਦੱਸਿਆ ਕਿ ਮ੍ਰਿਤਕਾ ਆਪਣੇ ਪਤੀ ਨਾਲ ਅਣਬਣ ਨੂੰ ਲੈ ਕੇ ਕਾਫੀ ਪ੍ਰੇਸ਼ਾਨ ਰਹਿੰਦੀ ਸੀ ਤੇ ਇਸੇ ਪ੍ਰੇਸ਼ਾਨੀ ’ਚ ਉਸ ਨੇ ਅੱਜ ਸਵੇਰੇ ਕਰੀਬ ਛੇ ਵਜੇ ਆਪਣੇ ਕਮਰੇ ਵਿੱਚ ਛੱਤ ਵਾਲੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਇਸ ਘਟਨਾ ਮਗਰੋਂ ਇਲਾਕਾ ਵਾਸੀਆਂ ਤੇ ਰਿਸ਼ਤੇਦਾਰਾਂ ਵੱਲੋਂ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ।
ਪੁਲੀਸ ਨੇ ਲਾਸ਼ ਕਬਜ਼ੇ ਵਿੱਚ ਲਈ ਤੇ ਕਾਰਵਾਈ ਆਰੰਭੀ
ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਿਵਲ ਲਾਈਨਜ਼ ਦੀ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ’ਚ ਲਿਆ ਅਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਭੇਜ ਦਿੱਤਾ ਹੈ। ਜਾਂਚ ਅਧਿਕਾਰੀ ਏਐੱਸਆਈ ਹਰਪਾਲ ਸਿੰਘ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।