ਕੇ.ਪੀ ਸਿੰਘ
ਗੁਰਦਾਸਪੁਰ , 29 ਮਈ
ਜ਼ਿਲ੍ਹਾ ਕਚਹਿਰੀ ਗੁਰਦਾਸਪੁਰ ਵਿੱਚ ਆਪਣਾ ਵਿਆਹ ਰਜਿਸਟਰ ਕਰਵਾਉਣ ਲਈ ਪਹੁੰਚੇ ਇੱਕ ਨਵੇਂ ਵਿਆਹੇ ਜੋੜੇ ਨੂੰ ਕੁਝ ਲੋਕਾਂ ਵੱਲੋਂ ਪਿਸਤੌਲ ਦੀ ਨੋਕ ਤੇ ਅਗਵਾ ਕਰ ਲਿਆ ਗਿਆ। ਥਾਣਾ ਸਿਟੀ ਪੁਲੀਸ ਨੇ ਤੁਰੰਤ ਕਾਰਵਾਈ ਕਰਦਿਆਂ ਜੋੜੇ ਨੂੰ ਅਗਵਾਕਾਰਾਂ ਕੋਲੋਂ ਛੁਡਵਾ ਕੇ 6 ਮੁਲਜ਼ਮਾਂ ਨੂੰ ਪਿਸਤੌਲ ਸਣੇ ਗ੍ਰਿਫ਼ਤਾਰ ਕਰ ਲਿਆ ਜਦਕਿ ਬਾਕੀ ਚਾਰ ਜਣੇ ਫ਼ਰਾਰ ਹੋ ਗਏ। ਜਾਣਕਾਰੀ ਅਨੁਸਾਰ ਗਗਨਦੀਪ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਕਾਲ੍ਹਵਾਂ (ਗੁਰਦਾਸਪੁਰ) ਅਤੇ ਅਨੀਤਾ ਰਾਣੀ ਪੁੱਤਰੀ ਮਿਲਖ ਰਾਜ ਵਾਸੀ ਨੂਰਪੁਰ ਸੇਠਾ (ਫ਼ਿਰੋਜ਼ਪੁਰ) ਨੇ ਪ੍ਰੇਮ ਵਿਆਹ ਕਰਵਾਇਆ ਸੀ ਅਤੇ ਸ਼ੁੱਕਰਵਾਰ ਨੂੰ ਇਹ ਜੋੜਾ ਗੁਰਦਾਸਪੁਰ ਦੀ ਜ਼ਿਲ੍ਹਾ ਅਦਾਲਤ ਵਿੱਚ ਵਿਆਹ ਰਜਿਸਟਰ ਕਰਵਾਉਣ ਲਈ ਪਹੁੰਚਿਆ ਸੀ। ਇਸੇ ਦੌਰਾਨ ਕੁਝ ਲੋਕ ਬਰੀਜਾ ਅਤੇ ਇੱਕ ਸਵਿਫ਼ਟ ਡਿਜ਼ਾਇਰ ਕਾਰ ’ਚ ਉਥੇ ਆ ਗਏ। ਇਨ੍ਹਾਂ ਵਿਚੋਂ ਲੱਖਾ ਸਿੰਘ ਪੁੱਤਰ ਗੁਰਬਚਨ ਸਿੰਘ ਨਿਵਾਸੀ ਨੂਰਪੁਰ ਸੇਠਾ ਨੇ ਆਪਣਾ ਰਿਵਾਲਵਰ ਗਗਨਦੀਪ ਸਿੰਘ ਵੱਲ ਤਾਣ ਦਿੱਤਾ। ਜਦੋਂਕਿ ਬਾਕੀ ਮੁਲਜ਼ਮਾਂ ਨੇ ਗਗਨਦੀਪ ਅਤੇ ਉਸ ਦੀ ਪਤਨੀ ਅਨੀਤਾ ਨੂੰ ਵੱਖ-ਵੱਖ ਕਾਰਾਂ ਵਿਚ ਸੁੱਟ ਲਿਆ ਅਤੇ ਮੌਕੇ ਤੋਂ ਫਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਣ ’ਤੇ ਕੀਤੀ ਨਾਕਾਬੰਦੀ ਦੌਰਾਨ ਪੁਲੀਸ ਸ਼ਹਿਰ ਦੇ ਗੁਰੂ ਨਾਨਕ ਪਾਰਕ ਨੇੜੇ ਉਕਤ ਗੱਡੀਆਂ ਰੁਕਵਾ ਕੇ ਲੱਖਾ ਸਿੰਘ ਸਣੇ 5 ਹੋਰ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਪੁਲੀਸ ਨੇ ਮੁਲਜ਼ਮ ਲੱਖਾ ਸਿੰਘ ਤੋਂ 32 ਬੋਰ ਦਾ ਰਿਵਾਲਵਰ ਅਤੇ 6 ਕਾਰਤੂਸ ਬਰਾਮਦ ਕੀਤੇ ਹਨ। ਜਦ ਕਿ ਚਾਰ ਮੁਲਜ਼ਮ ਹਾਲੇ ਫ਼ਰਾਰ ਹਨ।