ਸਰਬੱਤ ਸਿੰਘ ਕੰਗ
ਨਡਾਲਾ, 17 ਜੁਲਾਈ
ਪਿੰਡ ਮੰਡ ਕੁਲਾ (ਕਪੂਰਥਲਾ) ਵਿੱਚ ਕਰੀਬ 12 ਦਿਨ ਪਹਿਲਾਂ ਵਿਆਹੀ ਲੜਕੀ ਨੂੰ ਕਾਰ ਸਵਾਰ ਚਾਰ ਨੌਜਵਾਨ ਜਬਰੀ ਅਗਵਾ ਕਰਕੇ ਲੈ ਗਏ। ਮੁਲਜ਼ਮਾਂ ਵਿੱਚੋਂ ਇੱਕ ਦੀ ਸ਼ਨਾਖਤ ਹੋ ਗਈ ਹੈ। ਸਰਬਜੀਤ ਸਿੰਘ ਵਾਸੀ ਮੰਡ ਕੁਲਾ ਨੇ ਦੱਸਿਆ ਕਿ ਉਹ ਅੱਜ ਦੁਪਹਿਰੇ ਆਪਣੀ ਪਤਨੀ ਕਾਜਲ ਨਾਲ ਮੋਟਰਸਾਈਕਲ ’ਤੇ ਜ਼ਰੂਰੀ ਕੰਮ ਬੇਗੋਵਾਲ ਜਾ ਰਿਹਾ ਸੀ। ਇਸ ਦੌਰਾਨ ਓਮ ਸਿਰੀ ਗ੍ਰੇਨਾਈਟ ਟਾਈਲਾਂ ਦੇ ਸਟੋਰ ਨੇੜੇ 4 ਨੌਜਵਾਨਾਂ ਨੇ ਆਪਣੀ ਕਾਰ ਉਸ ਦੇ ਮੋਟਰਸਾਈਕਲ ਅੱਗੇ ਲਾ ਕੇ ਉਸ ਨੂੰ ਰੋਕ ਲਿਆ। ਤਿੰਨ ਨੌਜਵਾਨ ਕਾਰ ’ਚੋਂ ਉਤਰੇ ਤੇ ਇੱਕ ਉਸ ਨਾਲ ਲੜਨ ਲੱਗਾ।
ਗੁਰਪ੍ਰੀਤ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਵਾਰਡ ਨੰਬਰ 6 ਕੋਟਕਪੂਰਾ ਨੇ ਉਸ ਦੀ ਪਤਨੀ ਦੀ ਜਬਰੀ ਬਾਂਹ ਫੜੀ ਤੇ ਕਾਰ ਵਿੱਚ ਸੁੱਟ ਕੇ ਟਾਂਡਾ ਵੱਲ ਫਰਾਰ ਹੋ ਗਏ। ਬੇਗੋਵਾਲ ਪੁਲੀਸ ਨੇ ਕੇਸ ਦਰਜ ਕਰਕੇ ਦੋਸ਼ੀਆਂ ਦੀ ਭਾਲ ਆਰੰਭ ਦਿੱਤੀ ਹੈ।
ਨਾਬਾਲਗ ਲੜਕੀ ਅਗਵਾ
ਅਜਨਾਲਾ (ਅਸ਼ੋਕ ਸ਼ਰਮਾ): ਸਰਹੱਦੀ ਪਿੰਡ ਖਾਨਵਾਲ ਦੀ ਨਾਬਾਲਗ ਲੜਕੀ ਨੂੰ ਅਗਵਾ ਕਰਨ ਦੇ ਦੋਸ਼ ਹੇਠ ਕਈ ਵਿਅਕਤੀਆਂ ਖ਼ਿਲਾਫ਼ ਪੁਲੀਸ ਨੇ ਲੜਕੀ ਦੇ ਪਿਤਾ ਅਵਤਾਰ ਸਿੰਘ ਵਾਸੀ ਖਾਨਵਾਲ ਦੇ ਬਿਆਨਾਂ ’ਤੇ ਕੇਸ ਦਰਜ ਕੀਤਾ ਹੈ। ਥਾਣਾ ਅਜਨਾਲਾ ਦੇ ਐੱਸਐੱਚਓ ਇੰਸਪੈਕਟਰ ਸਤੀਸ਼ ਕੁਮਾਰ ਨੇ ਦੱਸਿਆ ਕਿ ਪੀੜਤ ਅਵਤਾਰ ਸਿੰਘ ਨੇ ਪੁਲੀਸ ਨੂੰ ਕੀਤੀ ਸ਼ਿਕਾਇਤ ਵਿੱਚ ਦਸਿਆ ਕਿ ਬੀਤੀ ਰਾਤ ਉਹ ਉਸ ਦੀ ਪਤਨੀ ਕਸ਼ਮੀਰ ਕੌਰ, ਲੜਕੇ ਸੁਰਜੀਤ ਸਿੰਘ, ਲੜਕੀ ਅਮਰਜੀਤ ਕੌਰ (15 ਸਾਲ) ਘਰ ਵਿੱਚ ਸੁੱਤੇ ਹੋਏ ਸਨ। ਇਸੇ ਦੌਰਾਨ ਮੁਲਜ਼ਮ ਪੌੜੀਆਂ ਲਾ ਕੇ ਛੱਤ ਰਾਹੀਂ ਊਸ ਦੇ ਘਰ ਅੰਦਰ ਦਾਖਲ ਹੋਏ। ਉਹ ਜਬਰੀ ਲੜਕੀ ਨੂੰ ਆਪਣੇ ਨਾਲ ਲੈ ਗਏ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਚਲੇ ਗਏ।