ਪੱਤਰ ਪ੍ਰੇਰਕ
ਪਠਾਨਕੋਟ, 4 ਮਾਰਚ
ਧੋਖੇ ਨਾਲ ਬੱਸ ਦੇ ਸਾਰੇ ਦਸਤਾਵੇਜ਼ ਆਪਣੇ ਨਾਮ ਕਰਵਾਉਣ ਦੇ ਮਾਮਲੇ ਵਿੱਚ ਥਾਣਾ ਸਦਰ ਦੀ ਪੁਲੀਸ ਨੇ ਇੱਕ ਵਿਅਕਤੀ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਸ਼ਿਕਾਇਤ ਵਿੱਚ ਲੀਲਾ ਰਾਣੀ ਪਤਨੀ ਅਸ਼ੋਕ ਕੁਮਾਰ ਵਾਸੀ ਪਿੰਡ ਫੰਗੜੀਆਂ ਨੇ ਦੱਸਿਆ ਕਿ ਉਸ ਨੇ ਆਪਣੇ ਨਾਂ ’ਤੇ ਸਾਲ 2016 ਵਿੱਚ ਇੱਕ ਮਿੰਨੀ ਬੱਸ ਪਾਈ ਸੀ, ਜਿਸ ਦਾ ਬਕਾਇਦਾ ਪਰਮਿਟ ਨੰਬਰ ਲਿਆ ਸੀ ਅਤੇ ਉਸ ਦਾ ਰੂਟ ਪਠਾਨਕੋਟ ਤੋਂ ਨਰੋਟ ਜੈਮਲ ਸਿੰਘ ਦਾ ਸੀ।
ਉਸ ਨੇ ਇਸ ਬੱਸ ਦੀ ਸਾਰੀ ਜ਼ਿੰਮੇਵਾਰੀ ਆਪਣੀ ਭੈਣ ਦੇ ਲੜਕੇ ਲਵ ਕੁਮਾਰ ਨੂੰ ਜ਼ੁਬਾਨੀ ਤੌਰ ’ਤੇ ਸੌਂਪੀ ਹੋਈ ਸੀ। ਪਿਛਲੇ ਦਿਨੀਂ ਉਸ ਨੂੰ ਪਤਾ ਲੱਗਾ ਕਿ ਲਵ ਕੁਮਾਰ ਨੇ ਧੋਖੇ ਨਾਲ ਥਾਣਾ ਦੀਨਾਨਗਰ ਵਿੱਚ ਬੱਸ ਦੇ ਸਾਰੇ ਦਸਤਾਵੇਜ਼ ਗੁੰਮ ਹੋਣ ਬਾਰੇ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਉਸ ਨੇ ਦੱਸਿਆ ਕਿ ਲਵ ਕੁਮਾਰ ਨੇ ਜਾਣਬੁੱਝ ਕੇ ਗੈਰਕਾਨੂੰਨੀ ਤਰੀਕੇ ਨਾਲ ਬੱਸ ਦਾ ਪਰਮਿਟ ਅਤੇ ਹੋਰ ਦਸਤਾਵੇਜ਼ ਆਪਣੇ ਨਾਂ ’ਤੇ ਕਰਵਾ ਲਏ ਤੇ ਉਹ ਉਸ ਨੂੰ ਕਹਿੰਦਾ ਰਿਹਾ ਕਿ ਦਸਤਾਵੇਜ਼ਾਂ ਤੋਂ ਬਿਨਾਂ ਬੱਸ ਨਹੀਂ ਚੱਲ ਸਕਦੀ। ਪਰ ਉਹ ਬੱਸ ਨੂੰ ਉਕਤ ਰੂਟ ’ਤੇ ਆਪਣੇ ਹੇਠ ਚਲਾ ਰਿਹਾ ਹੈ। ਇਸ ਤਰ੍ਹਾਂ ਲਵ ਕੁਮਾਰ ਨੇ ਉਸ ਨਾਲ ਧੋਖਾਧੜੀ ਕੀਤੀ ਹੈ। ਪੁਲੀਸ ਨੇ ਲਵ ਕੁਮਾਰ ਵਾਸੀ ਪੱਚੋਵਾਲ ਖ਼ਿਲਾਫ਼ ਮਾਮਲਾ ਦਰਜ ਕਰ ਦਿੱਤਾ ਹੈ। ਪੁਲੀਸ ਦਾ ਕਹਿਣਾ ਹੈ ਕਿ ਮੁਲਜ਼ਮ ਖ਼ਿਲਾਫਞ ਸਖਤ ਕਾਰਵਾਈ ਕੀਤੀ ਜਾਵੇਗੀ।