ਪੱਤਰ ਪ੍ਰੇਰਕ
ਅਟਾਰੀ, 16 ਸਤੰਬਰ
ਇਥੇ ਅੱਜ ਕਰਨਲ ਵੀਕੇ ਪੰਧੇਰ ਸੈਨਾ ਮੈਡਲ ਕਮਾਂਡਿੰਗ ਅਫ਼ਸਰ ਫਸਟ ਪੰਜਾਬ ਬਟਾਲੀਅਨ ਐੱਨਸੀਸੀ ਅੰਮ੍ਰਿਤਸਰ ਦੇ ਹੁਕਮਾਂ ਤਹਿਤ ਲੈਫਟੀਨੈਂਟ ਸੁਖਪਾਲ ਸਿੰਘ ਸੰਧੂ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਛੇਹਰਟਾ ਦੇ ਐੱਨਸੀਸੀ ਕੈਡਿਟਾਂ ਵੱਲੋਂ ਭਾਰਤ ਸਰਕਾਰ ਦੁਆਰਾ ਭੇਜੇ ਗਏ ਮੋਮੈਂਟੋ ਸ਼ਹੀਦ ਆਕਾਰਜ ਸਿੰਘ ਦੇ ਪਰਿਵਾਰ ਨੂੰ, ਪਿੰਡ ਸ਼ਹੂਰਾ ਵਿੱਚ ਉਨ੍ਹਾਂ ਦੇ ਸ਼ਹੀਦੀ ਦਿਨ ’ਤੇ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਲੈਫਟੀਨੈਂਟ ਸੁਖਪਾਲ ਸਿੰਘ ਸੰਧੂ ਨੇ ਦੱਸਿਆ ਕਿ ਸ਼ਹੀਦ ਆਕਾਰਜ ਸਿੰਘ ਭਾਰਤ-ਪਾਕਿਸਤਾਨ ਵਿਚਕਾਰ ਸਾਲ 1965 ਲੜਾਈ ਦੌਰਾਨ 14 ਸਤੰਬਰ ਨੂੰ ਛੰਭ ਜੌੜੀਆਂ, ਬਾਰਡਰ ਸਿਆਲਕੋਟ ਵਿੱਚ ਸ਼ਹੀਦੀ ਪ੍ਰਾਪਤ ਕਰ ਗਏ ਸਨ। ਉਨ੍ਹਾਂ ਦੀ ਸ਼ਹੀਦੀ ਬਾਰੇ ਦੱਸਦਿਆਂ ਲੜਾਈ ਵਿੱਚ ਉਨ੍ਹਾਂ ਦੇ ਸਾਥੀ ਰਹੇ ਸੂਬੇਦਾਰ ਅਜੈਬ ਸਿੰਘ ਨੇ ਕਿਹਾ ਕਿ ਸ਼ਹੀਦ ਆਕਾਰਜ ਸਿੰਘ ਨੂੰ ਪਹਿਲਵਾਨੀ ਦਾ ਬਹੁਤ ਸ਼ੌਕ ਸੀ, ਜਿਸ ਕਰ ਕੇ ਉਹ ਬਹੁਤ ਹੀ ਬਹਾਦਰ ਤੇ ਨਿਡਰ ਯੋਧਾ ਸੀ। 1965 ਦੀ ਲੜਾਈ ਦੌਰਾਨ ਉਹ ਉਸ ਦੀਆਂ ਅੱਖਾਂ ਦੇ ਸਾਹਮਣੇ ਦੁਸ਼ਮਣ ਨਾਲ ਬਹਾਦਰੀ ਨਾਲ ਲੜ ਕੇ ਸ਼ਹੀਦ ਹੋਏ। ਪਿੰਡ ਸ਼ਹੂਰਾ ਵਿੱਚ ਸ਼ਹੀਦ ਆਕਾਰਜ ਸਿੰਘ ਦੇ ਮਨਾਏ ਗਏ ਸ਼ਹੀਦੀ ਦਿਵਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਛੇਹਰਟਾ ਦੇ ਐੱਨਸੀਸੀ ਕੈਡਿਟਾਂ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਉਚੇਚੇ ਤੌਰ ’ਤੇ ਪਹੁੰਚੇ। ਇਸ ਮੌਕੇ ਕਵੀਸ਼ਰ ਗੁਰਮੁਖ ਸਿੰਘ ਐੱਮਏ ਦੇ ਕਵੀਸ਼ਰੀ ਜਥੇ ਨੇ ਵਿਸ਼ੇਸ਼ ਹਾਜ਼ਰੀ ਲਵਾਈ। ਸ਼ਹੀਦਾਂ ਦੀਆਂ ਵਾਰਾਂ ਸੁਣਾਈਆਂ ਤੇ ਸ਼ਹੀਦ ਅਕਾਰਜ ਸਿੰਘ ਦੇ ਜੀਵਨ ’ਤੇ ਚਾਨਣਾ ਪਾਇਆ। ਅਖੀਰ ਵਿੱਚ ਸ਼ਹੀਦ ਦੇ ਪਰਿਵਾਰ, ਪਿੰਡ ਵਾਸੀਆਂ ਅਤੇ ਆਏ ਹੋਏ ਲੋਕਾਂ ਦੁਆਰਾ ਭਾਰਤੀ ਫ਼ੌਜ ਅਤੇ ਭਾਰਤ ਸਰਕਾਰ ਦਾ ਧੰਨਵਾਦ ਕੀਤਾ।