ਪੱਤਰ ਪ੍ਰੇਰਕ
ਧਾਰੀਵਾਲ/ਕਾਦੀਆਂ, 13 ਸਤੰਬਰ
ਸੰਸਥਾ ਨਵੋਦਿਆ ਕ੍ਰਾਂਤੀ ਪਰਿਵਾਰ ਭਾਰਤ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਭੰਗਵਾਂ ਦੀ ਅਧਿਆਪਕਾ ਰਣਜੀਤ ਕੌਰ ਵਾਸੀ ਕਾਦੀਆਂ ਨੂੰ ਸਿੱਖਿਆ ਵਿੱਚ ਅਹਿਮ ਯੋਗਦਾਨ ਅਤੇ ਪ੍ਰਾਪਤੀਆਂ ਕਰਕੇ ਨੇਸ਼ਨ ਬਿਲਡਰ ਐਵਾਰਡ ਨਾਲ ਨਿਵਾਜਿਆ ਗਿਆ। ਸੰਸਥਾ ਦੇ ਸੂਬਾ ਪੰਜਾਬ ਦੇ ਮੋਟੀਵੇਟਰ ਕਰਮਜੀਤ ਸਿੰਘ ਅਤੇ ਗਾਈਡ ਬਲਜੀਤ ਸਿੰਘ ਨੇ ਦੱਸਿਆ ਕਿ ਸੰਸਥਾ ਨਵੋਦਿਆ ਕ੍ਰਾਂਤੀ ਪਰਿਵਾਰ ਦੇ ਸੰਸਥਾਪਕ ਸ੍ਰੀ ਸੰਦੀਪ ਢਿੱਲੋਂ ਅਤੇ ਸਮੁੱਚੀ ਟੀਮ ਵੱਲੋਂ ਪਿਛਲੇ ਦਿਨੀਂ ਦੇਸ਼ ਦੇ ਵੱਖ ਵੱਖ ਰਾਜਾਂ ਦੇ ਮਿਹਨਤੀ ਅਤੇ ਹੋਣਹਾਰ ਅਧਿਆਪਕਾਂ ਨੂੰ ਐਵਾਰਡ ਦਿੱਤੇ ਗਏ ਹਨ। ਨਵੋਦਿਆ ਕ੍ਰਾਂਤੀ ਪਰਿਵਾਰ ਵੱਲੋਂ ਇਸ ਵਾਰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਕੁੱਲ 17 ਅਧਿਆਪਕਾਂ ਨੂੰ ਨੇਸ਼ਨ ਬਿਲਡਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਜਿੰਨਾ ਵਿੱਚ ਜ਼ਿਲ੍ਹਾ ਗੁਰਦਾਸਪੁਰ ਦੀ ਇੱਕੋ ਇੱਕ ਹੋਣਹਾਰ ਅਧਿਆਪਕਾ ਰਣਜੀਤ ਕੌਰ ਸਰਕਾਰੀ ਪ੍ਰਾਇਮਰੀ ਸਕੂਲ ਭੰਗਵਾਂ (ਬਲਾਕ ਕਾਹਨੂੰਵਾਨ 2) ਨੂੰ ਹੀ ਇਹ ਐਵਾਰਡ ਮਿਲਣ ਦਾ ਮਾਣ ਹਾਸਲ ਹੋਇਆ ਹੈ। ਅਧਿਆਪਕਾ ਰਣਜੀਤ ਕੌਰ ਨੇ ਕਿਹਾ ਉਹ ਆਪਣੀ ਸਖਤ ਮਿਹਨਤ ਅਤੇ ਲਗਨ ਸਦਕਾ ਸਿੱਖਿਆ ਖੇਤਰ ਅਤੇ ਸਮਾਜਸੇਵੀ ਗਤੀਵਿਧੀਆਂ ਵਿੱਚ ਵੱਖ ਵੱਖ ਸੰਸਥਾਂਵਾਂ ਵਲੋਂ ਸਮੇਂ ਸਮੇਂ ਤੇ ਹੋਰ ਵੀ ਕਈ ਸਨਮਾਨ ਪ੍ਰਾਪਤ ਕਰ ਚੁੱਕੇ ਹਨ। ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਬਲਵਿੰਦਰ ਸਿੰਘ ਗਿੱਲ ਨੇ ਨੇਸ਼ਨ ਬਿਲਡਰ ਐਵਾਰਡ ਪ੍ਰਾਪਤ ਅਧਿਆਪਕਾ ਰਣਜੀਤ ਕੌਰ ਤੇ ਉਨ੍ਹਾਂ ਦੇ ਸਮੁੱਚੇ ਪਰਿਵਾਰ ਨੂੰ ਵਧਾਈ ਦਿੱਤੀ।