ਪੱਤਰ ਪ੍ਰੇਰਕ
ਪਠਾਨਕੋਟ, 21 ਸਤੰਬਰ
ਇਥੇ ਨਰੋਟ ਜੈਮੱਲ ਸਿੰਘ ਦੇ ਵਾਰਡ ਨੰਬਰ 7 ਅਤੇ 8 ਦੇ ਲੋਕਾਂ ਵੱਲੋਂ ਪਾਣੀ ਦੀ ਸਮੱਸਿਆ ਨੂੰ ਲੈ ਕੇ ਤਾਰਾਗੜ੍ਹ ਦੇ ਆਗੂ ਕਮਲ ਕਿਸ਼ੋਰ ਦੀ ਅਗਵਾਈ ਹੇਠ ਨਾਅਰੇਬਾਜ਼ੀ ਕੀਤੀ ਗਈ। ਨਾਅਰੇਬਾਜ਼ੀ ਕਰਨ ਵਾਲਿਆਂ ਵਿੱਚ ਹੀਰਾ ਸਿੰਘ, ਸ਼ੈਂਟੀ, ਲੱਕੀ, ਦਲਜੀਤ, ਮੁਕੇਸ਼ ਸਿੰਘ ਠਾਕੁਰ, ਸੁਖਲਾਲ, ਬਦਰੀ ਨਾਰਾਇਣ, ਕੁਲਦੀਪ ਰਾਜ, ਮਸਤ ਰਾਮ ਤੇ ਮਨੋਹਰ ਲਾਲ ਸ਼ਾਮਲ ਸਨ। ਇਕੱਠ ਨੂੰ ਸੰਬੋਧਨ ਕਰਦਿਆਂ ਆਗੂ ਕਮਲ ਕਿਸ਼ੋਰ ਨੇ ਕਿਹਾ ਕਿ ਭੋਆ ਹਲਕੇ ਵਿੱਚ ਨਾਜਾਇਜ਼ ਮਾਈਨਿੰਗ ਕਰਕੇ ਪਾਣੀ ਦਾ ਪੱਧਰ ਇੰਨਾ ਡੂੰਘਾ ਹੋ ਗਿਆ ਹੈ ਕਿ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸਮੱਸਿਆ ਆ ਖੜ੍ਹੀ ਹੈ। ਪਾਣੀ ਦੀ ਕਿੱਲਤ ਕਾਰਨ ਕਈ ਪਰਿਵਾਰ ਤਾਂ ਕਿਸੇ ਦੂਸਰੀ ਥਾਂ ’ਤੇ ਜਾ ਕੇ ਰਹਿਣ ਲੱਗੇ ਹਨ। ਵਾਰਡ ਨੰਬਰ 7 ਅਤੇ 8 ਵਿੱਚ ਪਾਣੀ ਸਮੱਸਿਆ ਦਾ ਬੁਰਾ ਹਾਲ ਹੈ ਪਰ ਪ੍ਰਸ਼ਾਸਨ ਅਤੇ ਸਰਕਾਰ ਦੇ ਕੰਨਾਂ ’ਤੇ ਕੋਈ ਜੂੰ ਨਹੀਂ ਸਰਕ ਰਹੀ। ਉਨ੍ਹਾਂ ਅੱਗੇ ਕਿਹਾ ਕਿ ਪਿੰਡ ਨਰੋਟ ਜੈਮਲ ਸਿੰਘ ਦੇ ਲੋਕਾਂ ਨੇ ਪਾਣੀ ਦੀ ਸਮੱਸਿਆ ਦਾ ਹੱਲ ਕਰਨ ਲਈ 3-4 ਵਾਰ ਹੈਂਡਪੰਪ ਪੁੱਟ ਕੇ ਕਿਸੇ ਦੂਸਰੀ ਜਗ੍ਹਾ ’ਤੇ ਲਗਾਏ ਪਰ ਉਥੇ ਵੀ ਪਾਣੀ ਨਹੀਂ ਆਇਆ। ਇਸ ਦੌਰਾਨ ਉਨ੍ਹਾਂ ਸੰਘਰਸ਼ ਦੀ ਚਿਤਾਵਨੀ ਦਿੱਤੀ ਹੈ।