ਲਖਨਪਾਲ ਸਿੰਘ
ਮਜੀਠਾ, 12 ਫਰਵਰੀ
ਹਲਕਾ ਮਜੀਠਾ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗਠਜੋੜ ਦੇ ਉਮੀਦਵਾਰ ਸਰਦਾਰਨੀ ਗਨੀਵ ਕੌਰ ਮਜੀਠੀਆ ਨੇ ਕਿਹਾ ਹੈ ਕਿ ਮਜੀਠਾ ਹਲਕੇ ਦੀਆਂ ਔਰਤਾਂ ਉਨ੍ਹਾਂ ਦੀਆਂ ਭੈਣਾਂ ਹਨ ਜਿਨ੍ਹਾਂ ਦੀ ਬੇਹਤਰੀ ਵਾਸਤੇ ਕੰਮ ਕਰਨਾ ਉਨ੍ਹਾਂ ਦੀ ਜ਼ਿੰਮੇਵਾਰੀ ਹੈ।
ਅੱਜ ਹਲਕੇ ਦੇ ਪਿੰਡ ਬੋੜੇਵਾਲ ਕੰਗ, ਕੋਟਲਾ ਮੱਝਾ ਸਿੰਘ, ਕੋਟਲਾ ਸੁਲਤਾਨ ਸਿੰਘ, ਅਠਵਾਲ, ਬੁਰਜ ਨੌ ਅਬਾਦ, ਬੁੱਢਾ ਥੇਹ ਅਤੇ ਟਰਪਈ ਵਿਚ ਵੱਖ ਵੱਖ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਸਰਦਾਰਨੀ ਗਨੀਵ ਕੌਰ ਮਜੀਠੀਆ ਨੇ ਕਿਹਾ ਕਿ ਹਲਕਾ ਉਨ੍ਹਾਂ ਦਾ ਆਪਣਾ ਪਰਿਵਾਰ ਹੈ। ਅੱਜ ਤੋਂ ਪਹਿਲਾਂ ਉਨ੍ਹਾਂ ਦੀ ਕੋਈ ਭੈਣ ਨਹੀਂ ਸੀ ਤੇ ਹੁਣ ਹਲਕੇ ਦੀਆਂ ਔਰਤਾਂ ਉਨ੍ਹਾਂ ਨੂੰ ਭੈਣਾਂ ਦੇ ਰੂਪ ਵਿਚ ਮਿਲ ਗਈਆਂ ਹਨ। ਇਨ੍ਹਾਂ ਭੈਣਾਂ ਦਾ ਜੀਵਨ ਮਿਆਰ ਸੁਧਾਰਨ ਵਾਸਤੇ ਕੰਮ ਕਰਨਾ ਉਨ੍ਹਾਂ ਦਾ ਫਰਜ਼ ਵੀ ਹੈ ਤੇ ਉਨ੍ਹਾਂ ਦੇ ਜੀਵਨ ਦਾ ਵੱਡਾ ਉਦੇਸ਼ ਵੀ ਹੈ।
ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਮਹਿਲਾਵਾਂ ਦੀ ਮਦਦ ਵਾਸਤੇ ਬੀਪੀਐਲ ਪਰਿਵਾਰਾਂ ਦੀ ਅਗਵਾਈ ਕਰਨ ਵਾਲੀਆਂ ਮਹਿਲਾਵਾਂ ਨੂੰ ਹਰ ਮਹੀਨੇ 2 ਹਜ਼ਾਰ ਰੁਪਏ ਦੀ ਆਰਥਿਕ ਸਹਾਇਤਾ, 400 ਯੂਨਿਟ ਮੁਫ਼ਤ ਬਿਜਲੀ ਦੇਣ ਦਾ ਫੈਸਲਾ ਕੀਤਾ ਹੈ। ਇਸੇ ਤਰੀਕੇ ਹਰ ਵਿਅਕਤੀ ਦਾ 10 ਲੱਖ ਰੁਪਏ ਦਾ ਮੈਡੀਕਲ ਬੀਮਾ ਵੀ ਕੀਤਾ ਜਾਵੇਗਾ। ਚੋਣ ਮੀਟਿੰਗਾਂ ਨੂੰ ਸ੍ਰੋਮਣੀ ਕਮੇਟੀ ਦੀ ਕਾਰਜਕਾਰਨੀ ਮੈਂਬਰ ਜੋਧ ਸਿੰਘ ਸਮਰਾ, ਗਗਨਦੀਪ ਸਿੰਘ ਭਕਨਾ, ਬਲਜਿੰਦਰ ਸਿੰਘ, ਜਸਪਾਲ ਸਿੰਘ ਪੱਪਾ, ਸਰਬਜੀਤ ਸਿੰਘ ਸੁਪਾਰੀਵਿੰਡ ਆਦਿ ਨੇ ਵੀ ਸੰਬੋਧਨ ਕੀਤਾ।