ਸ਼ਰਨਜੀਤ ਸਿੰਘ
ਬਟਾਲਾ, 28 ਜੂਨ
ਲੌਕਡਾਊਨ ਕਾਰਨ ਜਿੱਥੇ ਵੱਡੇ-ਵੱਡੇ ਕਾਰੋਬਾਰ ਪ੍ਰਭਾਵਿਤ ਹੋਏ ਹਨ, ਉਥੇ ਰੋਜ਼ਾਨਾ ਗੁਜ਼ਾਰਾ ਕਰਕੇ ਪੇਟ ਭਰਨ ਵਾਲਿਆਂ ’ਤੇ ਇਸ ਦਾ ਸਭ ਤੋਂ ਭੈੜਾ ਅਸਰ ਹੋਇਆ ਹੈ। ਸਿਟੀ ਰੋਡ ਬਟਾਲਾ ਵਿੱਚ ਬੂਟ ਪਾਲਿਸ਼ ਕਰ ਰਹੇ ਦੋ ਭਰਾ ਨਿੱਕੂ (11 ਸਾਲ) ਅਤੇ ਕੁੱਕੂ (13 ਸਾਲ) ਨੂੰ ਵੀ ਘਰ ਦਾ ਗੁਜ਼ਾਰਾ ਚਲਾਉਣਾ ਮੁਸ਼ਕਲ ਹੋ ਰਿਹਾ ਹੈ। ਉਨ੍ਹਾਂ ਦੇ ਪਿਤਾ ਦੀ ਦੋ ਸਾਲ ਪਹਿਲਾਂ ਮੌਤ ਹੋ ਚੁੱਕੀ ਸੀ ਅਤੇ ਮਾਂ ਸ਼ੂਗਰ ਅਤੇ ਬਲੱਡ ਪ੍ਰੈੱਸ਼ਰ ਦੀ ਬਿਮਾਰੀ ਕਾਰਨ ਮੰਜੇ ’ਤੇ ਪਈ ਹੈ। ਪਿਤਾ ਦੀ ਮੌਤ ਮਗਰੋਂ ਦੋਵਾਂ ਭਰਾਵਾਂ ਨੇ ਆਪਣੇ ਪਿਤਾ ਵਾਲਾ ਧੰਦਾ ਭਾਵ ਬੂਟ ਪਾਲਿਸ਼ ਕਰਨੀ ਸ਼ੁਰੂ ਕਰ ਦਿੱਤੀ। ਲੌਕਡਾਊਨ ਖੁੱਲ੍ਹਣ ਮਗਰੋਂ ਉਨ੍ਹਾਂ ਨੂੰ ਗਾਹਕ ਨਹੀਂ ਮਿਲ ਰਹੇ, ਜਿਸ ਕਾਰਨ ਉਹ ਦਾਣੇ-ਦਾਣੇ ਲਈ ਮੁਥ੍ਹਾਜ ਹਨ। ਕੁੱਕੂ ਅਨੁਸਾਰ ਉਸ ਨੇ ਬੀਤੇ ਹਫ਼ਤੇ ਦੌਰਾਨ ਸਿਰਫ਼ 80 ਰੁਪਏ ਕਮਾਏ ਹਨ। ਗੁਰਬਤ ਦੀ ਮਾਰ ਝੱਲ ਰਹੇ ਇਨ੍ਹਾਂ ਮਾਸੂਮਾਂ ਦੀ ਮਦਦ ਲਈ ਇੱਥੋਂ ਦੇ ਕੁੱਝ ਦੁਕਾਨਦਾਰ ਨੇ ਮਦਦ ਕੀਤੀ। ਬਟਾਲਾ ਖੇਤਰ ਵਿੱਚ ਪੈਂਦੇ ਝੁੱਗੀ-ਝੌਂਪੜੀ ਖੇਤਰ ਦੇ ਵਸਨੀਕ ਅਜਿਹੇ ਪਰਿਵਾਰਾਂ ਨੂੰ ਲੌਕਡਾਊਨ ਦੇ ਮੱਦੇਨਜ਼ਰ ਫਾਕੇ ਕੱਟਣ ਲਈ ਮਜਬੂਰ ਹੋਣਾ ਪੈ ਰਿਹਾ ਹੈ।