ਗੁਰਚਰਨਜੀਤ ਬਾਵਾ
ਘੁਮਾਣ, 31 ਦਸੰਬਰ
ਇੱਥੇ ਬੀਤੇ ਦਿਨ ਇੱਕ ਹਜ਼ਾਰ ਰੁਪਏ ਦੇ ਲੈਣ-ਦੇਣ ਦੇ ਮਾਮਲੇ ਵਿਚ ਇਕ ਨੌਜਵਾਨ ਦਾ ਦਿਨ-ਦਿਹਾੜੇ ਕਥਿਤ ਕਤਲ ਕੀਤੇ ਜਾਣ ਦਾ ਸਮਾਚਾਰ ਮਿਲਿਆ ਹੈ। ਅਜੈਪਾਲ ਸਿੰਘ ਪੁੱਤਰ ਤਾਰ ਸਿੰਘ ਵਾਸੀ ਵੀਲਾਬੱਜੂ ਨੇ ਇੱਥੇ ਰਹਿੰਦੇ ਦੋ ਭਰਾਵਾਂ ਸਾਹਿਲ ਅਤੇ ਰਹਨ ਕੋਲੋਂ ਇੱਕ ਹਜ਼ਾਰ ਰੁਪਏ ਲੈਣੇ ਸਨ। ਦੋਹਾਂ ਭਰਾਵਾਂ ਨੇ ਅੱਜ ਉਸ ਨੂੰ ਫੋਨ ਕਰ ਕੇ ਪੈਸੇ ਵਾਪਸ ਕਰਨ ਲਈ ਆਪਣੇ ਘਰ ਸੱਦਿਆ ਸੀ। ਇਸੇ ਦੌਰਾਨ ਉਨ੍ਹਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਈ ਅਤੇ ਅਜੈਪਾਲ ਉਨ੍ਹਾਂ ਦੇ ਘਰੋਂ ਭੱਜ ਕੇ ਬਾਹਰ ਆ ਗਿਆ। ਉਪਰੰਤ ਉਕਤ ਦੋਵੇਂ ਭਰਾਵਾਂ ਨੇ ਇੱਥੋਂ ਦੇ ਰਾਧਾ ਸਵਾਮੀ ਗੇਟ ਅੱਗੇ ਅਜੈਪਾਲ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ।
ਹਮਲੇ ਵਿਚ ਗੰਭੀਰ ਜ਼ਖ਼ਮੀ ਹੋਏ ਅਜੈਪਾਲ ਦੇ ਰਿਸ਼ਤੇਦਾਰਾਂ ਨੇ ਉਸ ਨੂੰ ਬਟਾਲਾ ਦੇ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਥਾਣਾ ਘੁਮਾਣ ਦੀ ਪੁਲੀਸ ਪਾਰਟੀ ਨੇ ਮੌਕੇ ’ਤੇ ਪਹੁੰਚ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਪਰ ਅਜੇ ਦੋਵੇਂ ਮੁਲਜ਼ਮ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹਨ।
ਜਲੰਧਰ ਵਿਚ ਛੋਟੀ ਬਾਰਾਂਦਰੀ ’ਚ ਵਿਅਕਤੀ ਦਾ ਕਤਲ
ਜਲੰਧਰ (ਨਿੱਜੀ ਪੱਤਰ ਪ੍ਰੇਰਕ): ਇੱਥੋਂ ਦੀ ਛੋਟੀ ਬਾਰਾਂਦਰੀ ਦੇ ਫੇਜ਼-1 ਵਿੱਚ ਇਕ ਵਿਅਕਤੀ ਦਾ ਕਤਲ ਕਰ ਹੋ ਗਿਆ। ਮ੍ਰਿਤਕ ਦੀ ਪਛਾਣ ਲਲਿਨ ਕੁਮਾਰ (60) ਵਾਸੀ ਲੇਬਰ ਕਲੋਨੀ ਵਜੋਂ ਹੋਈ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲੀਸ ਮੌਕੇ ’ਤੇ ਪਹੁੰਚ ਗਈ ਅਤੇ ਲਾਸ਼ ਕਬਜ਼ੇ ਵਿਚ ਲੈ ਲਈ। ਮਿਲੀ ਜਾਣਕਾਰੀ ਅਨੁਸਾਰ ਲੰਘੀ ਰਾਤ ਇਹ ਘਟਨਾ ਉਦੋਂ ਵਾਪਰੀ ਜਦੋਂ ਲਲਿਨ ਕੁਮਾਰ ਆਪਣੇ ਘਰ ਵਾਪਸ ਆ ਰਿਹਾ ਸੀ ਤਾਂ ਉਸ ਦੇ ਹੀ ਕੁਆਰਟਰ ਵਿਚ ਰਹਿਣ ਵਾਲੇ ਲੋਕਾਂ ਨਾਲ ਉਸ ਦਾ ਝਗੜਾ ਹੋ ਗਿਆ। ਹਮਲਾਵਰਾਂ ਨੇ ਉਸ ਦੇ ਸਿਰ ਵਿੱਚ ਰਾਡ ਨਾਲ ਹਮਲਾ ਕਰ ਦਿੱਤਾ। ਜ਼ਖ਼ਮੀ ਹੋਏ ਲਲਿਨ ਕੁਮਾਰ ਨੂੰ ਨੇੜਲੇ ਹਸਪਤਾਲ ਲਿਜਾਂਦਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲੀਸ ਨੇ ਰਾਤ ਨੂੰ ਹੀ ਕੁਝ ਵਿਅਕਤੀਆਂ ਨੂੰ ਹਿਰਾਸਤ ਵਿਚ ਲੈ ਲਿਆ ਸੀ।