ਜਤਿੰਦਰ ਸਿੰਘ ਬਾਵਾ
ਸ੍ਰੀ ਗੋਇੰਦਵਾਲ ਸਾਹਿਬ, 9 ਦਸੰਬਰ
ਛੇ ਸਾਲਾ ਬੱਚੀ ਪ੍ਰਵੀਨ ਕੌਰ ਦੇ ਕਤਲ ਮਾਮਲੇ ਵਿੱਚ ਪਿਛਲੇ ਪੰਜ ਦਿਨਾਂ ਤੋਂ ਪੁਲੀਸ ਦੇ ਹੱਥ ਖਾਲੀ ਦਿਖਾਈ ਦੇ ਰਹੇ ਸਨ ਪਰ ਅੱਜ ਪੁਲੀਸ ਨੇ ਮ੍ਰਿਤਕ ਬੱਚੀ ਦੀ ਮਾਂ ਸੰਦੀਪ ਕੌਰ ਅਤੇ ਉਸ ਦੇ ਪ੍ਰੇਮੀ ਲਵਪ੍ਰੀਤ ਸਿੰਘ ਤੋਂ ਇਲਾਵਾ ਦੋ ਹੋਰ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ ਜਿਨ੍ਹਾਂ ਕੋਲੋਂ ਗੋਇੰਦਵਾਲ ਸਾਹਿਬ ਪੁਲੀਸ ਪੁੱਛਗਿੱਛ ਕਰ ਰਹੀ ਹੈ। ਸੂਤਰਾਂ ਮੁਤਾਬਕ ਪ੍ਰਾਪਤ ਜਾਣਕਾਰੀ ਅਨੁਸਾਰ ਸੰਦੀਪ ਕੌਰ ਪਿਛਲੇ ਚਾਰ ਸਾਲਾਂ ਤੋਂ ਆਪਣੇ ਪਤੀ ਤੋਂ ਵੱਖ ਗੋਇੰਦਵਾਲ ਸਾਹਿਬ ਰਹਿ ਰਹੀ ਸੀ ਜਿਸ ਦੌਰਾਨ ਉਸ ਦੇ ਪ੍ਰੇਮ ਸਬੰਧ ਲਵਪ੍ਰੀਤ ਸਿੰਘ ਨਾਲ ਬਣ ਗਏ ਤੇ ਇਹ ਦੋਵੇਂ ਪ੍ਰਵੀਨ ਕੌਰ ਨੂੰ ਆਪਣੇ ਵਿਆਹ ਕਰਵਾਉਣ ਵਿੱਚ ਅੜਿੱਕਾ ਸਮਝ ਰਹੇ ਸਨ। ਭਾਵੇਂ ਇਸ ਮਾਮਲੇ ਵਿੱਚ ਪੁਲੀਸ ਨੇ ਅਧਿਕਾਰਤ ਤੌਰ ’ਤੇ ਪੁਸ਼ਟੀ ਨਹੀਂ ਕੀਤੀ ਪਰ ਪੁਲੀਸ ਪ੍ਰਵੀਨ ਕੌਰ ਦੇ ਹੱਤਿਆ ਕਾਂਡ ਦੇ ਮਾਮਲੇ ਦੀ ਗੁੱਥੀ ਸੁਲਝਾਉਣ ਦਾ ਦਾਅਵਾ ਜ਼ਰੂਰ ਕਰ ਰਹੀ ਹੈ।
ਜ਼ਿਕਰਯੋਗ ਹੈ ਕਿ ਅੱਜ ਮ੍ਰਿਤਕਾ ਪ੍ਰਵੀਨ ਕੌਰ ਨਮਿਤ ਰਖਵਾਏ ਗਏ ਪਾਠ ਦਾ ਭੋਗ ਵੀ ਹੈ ਜਿਸ ਤੋਂ ਪਹਿਲਾਂ ਗੋਇੰਦਵਾਲ ਪੁਲੀਸ ਨੇ ਮ੍ਰਿਤਕਾ ਦੀ ਮਾਂ ਸੰਦੀਪ ਕੌਰ ਸਮੇਤ ਤਿੰਨ ਹੋਰ ਸ਼ੱਕੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਜਿੱਥੇ ਪੁਲੀਸ ਇਸ ਹੱਤਿਆ ਕਾਂਡ ਨੂੰ ਸੁਲਝਾਉਣ ਦੇ ਨਜ਼ਦੀਕ ਹੋਣ ਦਾ ਦਾਅਵਾ ਕਰ ਰਹੀ ਹੈ, ਉੱਥੇ ਹੀ ਅਧਿਕਾਰਤ ਤੌਰ ’ਤੇ ਪੁਸ਼ਟੀ ਕਰਨ ਤੋਂ ਗੁਰੇਜ਼ ਕਰ ਰਹੀ ਹੈ।