ਐੱਨਪੀ ਧਵਨ
ਪਠਾਨਕੋਟ, 7 ਮਾਰਚ
ਇੱਥੇ ਅਬਰੋਲ ਨਗਰ ਵਿੱਚ 28 ਸਾਲਾਂ ਦੇ ਨੌਜਵਾਨ ਦੇ ਲੰਘੇ ਕੱਲ੍ਹ ਹੋਣ ਵਾਲੇ ਕਤਲ ਦੇ ਮਾਮਲੇ ਵਿੱਚ ਪੁਲੀਸ ਦੀ ਢਿੱਲੀ ਕਾਰਗੁਜ਼ਾਰ ਖ਼ਿਲਾਫ਼ ਮ੍ਰਿਤਕ ਰਾਹੁਲ ਦੇ ਪਰਿਵਾਰਿਕ ਮੈਂਬਰਾਂ ਅਤੇ ਅਬਰੋਲ ਨਗਰ ਦੇ ਵਾਸੀਆਂ ਨੇ ਅੱਜ ਸ਼ਾਮ ਇੱਥੇ ਸ਼ਹਿਰ ਦੇ ਪ੍ਰਮੁੱਖ ਵਾਲਮੀਕ ਚੌਕ ਵਿੱਚ ਧਰਨਾ ਦੇ ਦਿੱਤਾ। ਇਸ ਨਾਲ ਸ਼ਹਿਰ ਦਾ ਸਾਰਾ ਟਰੈਫਿਕ ਜਾਮ ਹੋ ਗਿਆ। ਮ੍ਰਿਤਕ ਦੇ ਪਰਿਵਾਰ ਵਾਲਿਆਂ ਦਾ ਦੋਸ਼ ਸੀ ਕਿ ਪੁਲੀਸ ਨੇ ਸਿਰਫ 2 ਮੁਲਜ਼ਮਾਂ ਉੱਪਰ ਹੀ ਮਾਮਲਾ ਦਰਜ ਕੀਤਾ ਹੈ ਤੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਹੈ ਜਦ ਕਿ ਕਤਲ ਦੀ ਸਾਜ਼ਿਸ਼ ਵਿੱਚ ਕੁੱਲ 5 ਨੌਜਵਾਨ ਸ਼ਾਮਲ ਸਨ। ਉਨ੍ਹਾਂ ਦੋਸ਼ ਲਾਇਆ ਕਿ ਪੁਲੀਸ ਨੇ 3 ਨੌਜਵਾਨਾਂ ਨੂੰ ਜਾਣ-ਬੁੱਝ ਕੇ ਐੱਫਆਈਆਰ ਵਿੱਚ ਸ਼ਾਮਲ ਨਹੀਂ ਕੀਤਾ। ਡੀਐੱਸਪੀ ਸੁਖਜਿੰਦਰ ਸਿੰਘ ਅਤੇ ਹੋਰ ਪੁਲੀਸ ਅਧਿਕਾਰੀਆਂ ਨੇ ਮੌਕੇ ਉੱਪਰ ਪੁੱਜ ਕੇ ਧਰਨਾ ਦੇ ਰਹੇ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਮੰਨਣ ਨੂੰ ਤਿਆਰ ਨਹੀਂ ਹੋਏ। ਅਖੀਰ ਡੀਐੱਸਪੀ ਨੇ ਤੁਰੰਤ ਕਾਰਵਾਈ ਕਰਕੇ ਬਾਕੀ ਤਿੰਨਾਂ ਨੂੰ ਵੀ ਹਿਰਾਸਤ ਵਿੱਚ ਲੈ ਲਿਆ। ਡੀਐੱਸਪੀ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਇਨ੍ਹਾਂ ਤੋਂ ਪੁੱਛ-ਗਿੱਛ ਕਰਕੇ ਇਨ੍ਹਾਂ ਨੂੰ ਵੀ ਉਸੇ ਮਾਮਲੇ ਵਿੱਚ ਸ਼ਾਮਲ ਕੀਤਾ ਜਾਵੇਗਾ। ਇਸ ਭਰੋਸੇ ਬਾਅਦ ਲੋਕਾਂ ਨੇ ਜਾਮ ਖੋਲ੍ਹ ਦਿੱਤਾ। ਜ਼ਿਕਰਯੋਗ ਹੈ ਕਿ ਮਾਮੂਲੀ ਜਿਹੀ ਰੰਜ਼ਿਸ਼ ਨੂੰ ਲੈ ਕੇ ਗੁਰਦੀਪ ਸਿੰਘ ਨੇ ਰਾਹੁਲ ਉੱਪਰ ਤੇਜ਼ਧਾਰ ਗੰਡਾਸੇ ਨਾਲ ਲਗਾਤਾਰ ਵਾਰ ਕਰਕੇ ਉਸ ਦਾ ਕਤਲ ਕਰ ਦਿੱਤਾ ਸੀ।