ਪੱਤਰ ਪ੍ਰੇਰਕ
ਪਠਾਨਕੋਟ, 13 ਮਈ
ਸੁਜਾਨਪੁਰ ਦੀ ਪੁਲੀਸ ਨੇ ਅਸ਼ਵਨੀ ਸ਼ਰਮਾ ਨਾਂ ਦੇ ਮੁਨਸ਼ੀ ਵੱਲੋਂ ਆਪਣੇ ਮਾਲਕ ਦੇ 2 ਲੱਖ 72 ਹਜ਼ਾਰ 400 ਰੁਪਏ ਲੈ ਕੇ ਫਰਾਰ ਹੋ ਜਾਣ ’ਤੇ ਕੇਸ ਦਰਜ ਕੀਤਾ ਹੈ।
ਸ਼ਿਕਾਇਤਕਰਤਾ ਸੁਜਾਨਪੁਰ ਦੇ ਮੁਹੱਲਾ ਓਹਰੀਆਂ ਦੇ ਵਾਸੀ ਵਿਨੇ ਅਰੋੜਾ ਨੇ ਪੁਲੀਸ ਨੂੰ ਦੱਸਿਆ ਕਿ ਉਹ ਪੋਲਟਰੀ ਟਰੇਡਿੰਗ ਅਤੇ ਟਰਾਂਸਪੋਰਟ ਦਾ ਕੰਮ ਕਰਦਾ ਹੈ। ਉਸ ਕੋਲ 2 ਗੱਡੀਆਂ ਹਨ। ਉਸ ਦੇ ਦਫਤਰ ਸੁਜਾਨਪੁਰ ਵਿੱਚ ਮੁਹੱਲਾ ਉਪਲਾਂ ਦਾ ਰਹਿਣ ਵਾਲਾ ਵਿਅਕਤੀ ਬਤੌਰ ਮੁਨਸ਼ੀ ਦਾ ਕੰਮ ਕਰਦਾ ਹੈ। ਉਸ ਨੇ 7 ਮਈ ਨੂੰ ਆਪਣੀ ਗੱਡੀ ਲੋਡ ਕਰਕੇ ਜੰਮੂ-ਕਸ਼ਮੀਰ ਭੇਜੀ ਸੀ। 8 ਮਈ ਨੂੰ ਉਸ ਦੇ ਟਰੱਕ ਦੇ ਡਰਾਈਵਰ ਕਾਨਵਾਂ ਵਾਸੀ ਰਮੇਸ਼ ਕੁਮਾਰ ਦਾ ਫੋਨ ਆਇਆ ਕਿ ਉਸ ਕੋਲ ਗੱਡੀ ਦੀ ਪੇਮੈਂਟ ਕਰੀਬ 2 ਲੱਖ 72 ਹਜ਼ਾਰ 400 ਰੁਪਏ ਹੈ ਤੇ ਉਹ ਉਸ ਨੂੰ ਇਹ ਰਕਮ ਕਿਵੇਂ ਭੇਜੇ। ਇਸ ’ਤੇ ਵਿਨੇ ਅਰੋੜਾ ਨੇ ਆਪਣੇ ਡਰਾਈਵਰ ਨੂੰ ਕਿਹਾ ਕਿ ਗੱਡੀ ਦੀ ਪੇਮੈਂਟ ਮੁਨਸ਼ੀ ਅਸ਼ਵਨੀ ਸ਼ਰਮਾ ਨੂੰ ਫੜਾ ਦੇਵੇ। ਇਸ ’ਤੇ ਡਰਾਈਵਰ ਰਮੇਸ਼ ਨੇ ਸਾਰੀ ਪੇਮੈਂਟ ਮੁਨਸ਼ੀ ਅਸ਼ਵਨੀ ਸ਼ਰਮਾ ਨੂੰ ਦੇ ਦਿੱਤੀ। ਮਗਰੋਂ ਉਹ ਦਫ਼ਤਰ ਆਇਆ ਹੀ ਨਹੀਂ।
ਪਰਿਵਾਰ ਕੋਲੋਂ ਸੋਨੇ ਦੇ ਗਹਿਣੇ ਤੇ ਨਕਦੀ ਲੁੱਟੀ
ਅੰਮ੍ਰਿਤਸਰ: ਇੱਥੇ ਇਕ ਕਲੱਬ ਵਿੱਚੋਂ ਲੰਘੀ ਦੇਰ ਰਾਤ ਘਰ ਪਰਤ ਰਹੇ ਪਰਿਵਾਰ ਦੇ ਜੀਆਂ ਨਾਲ ਲੁੱਟ-ਖੋਹ ਦੀ ਘਟਨਾ ਵਾਪਰੀ। ਲੁਟੇਰੇ ਕਾਰ ਵਿੱਚ ਬੈਠੀ ਔਰਤ ਦੇ ਗਹਿਣੇ ਅਤੇ ਪੁਰਸ਼ ਕੋਲੋਂ ਨਕਦੀ ਤੇ ਗਹਿਣੇ ਲੁੱਟ ਕੇ ਲੈ ਗਏ। ਲੁੱਟ ਦਾ ਸ਼ਿਕਾਰ ਹੋਈ ਔਰਤ ਦੀ ਸ਼ਨਾਖਤ ਅਨੀਤਾ ਅਗਰਵਾਲ ਅਤੇ ਰਜੇਸ਼ ਅਗਰਵਾਲ ਵਜੋਂ ਹੋਈ ਹੈ। ਇਹ ਘਟਨਾ ਸਥਾਨਕ ਮਾਲ ਰੋਡ ’ਤੇ ਰਤਨ ਚੰਦ ਕਲੋਨੀ ਕੋਲ ਵਾਪਰੀ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਸੀਨੀਅਰ ਪੁਲੀਸ ਅਧਿਕਾਰੀ ਮੌਕੇ ’ਤੇ ਪੁੱਜ ਗਏ ਸਨ। ਬਾਅਦ ਵਿੱਚ ‘ਆਪ’ ਵਿਧਾਇਕ ਅਤੇ ਸਾਬਕਾ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਵੀ ਮੌਕੇ ’ਤੇ ਪੁੱਜੇ ਸਨ, ਜਿਨਾਂ ਨੇ ਪਰਿਵਾਰ ਦੇ ਮੈਂਬਰਾਂ ਨੂੰ ਨਿਆਂ ਦਿਵਾਉਣ ਦਾ ਭਰੋਸਾ ਦਿੱਤਾ ਹੈ। -ਟਨਸ