ਗੁਰਬਖਸ਼ਪੁਰੀ
ਤਰਨ ਤਾਰਨ, 22 ਅਗਸਤ
ਇਥੇ ਨਗਰ ਕੌਂਸਲ ਵੱਲੋਂ ਸ਼ਹਿਰੀਆਂ ਅਤੇ ਹੋਰ ਲੋਕਾਂ ਦੀ ਸੁਖ-ਸਹੂਲਤ ਲਈ ਬਣਾਇਆ ਗਿਆ ਇਕ ਸ਼ਾਨਦਾਰ ਗਾਂਧੀ ਮਿਉਂਸਿਪਲ ਪਾਰਕ ਅੱਜ ਕੱਲ੍ਹ ਅਵਾਰਾ ਪਸ਼ੂਆਂ ਤੋਂ ਇਲਾਵਾ ਲੰਪੀ ਚਮੜੀ ਰੋਗ ਤੋਂ ਪੀੜਤ ਗਊਆਂ ਦੇ ਘਾਹ ਚਰਨ ਅਤੇ ਆਰਾਮ ਕਰਨ ਦਾ ਬਹੁਤ ਹੀ ਸ਼ਾਨਦਾਰ ਟਿਕਾਣਾ ਬਣ ਗਿਆ ਹੈ| ਇਥੇ ਲੰਪੀ ਬਿਮਾਰੀ ਤੋਂ ਪੀੜਤ ਗਊਆਂ ਨੂੰ ਜਿਥੇ ਆਪਣਾ ਸ਼ਰੀਰ ਰੁੱਖਾਂ ਨਾਲ ਰਗੜ ਕੇ ਆਰਾਮ ਮਿਲਦਾ ਹੈ ਉਥੇ ਚਾਰੇ ਦੇ ਤੌਰ ’ਤੇ ਘਾਹ ਆਸਾਨੀ ਨਾਲ ਮਿਲ ਰਿਹਾ ਹੈ। ਇਥੇ ਘਾਹ ਖਾਣ ਮਗਰੋਂ ਗਊਆਂ ਅਤੇ ਹੋਰ ਪਸ਼ੂਆਂ ਨੂੰ ਆਰਾਮ ਕਰਨ ਲਈ ਛਾਂ ਵੀ ਮਿਲ ਰਹੀ ਹੈ। ਇਸ ਪਾਰਕ ਅੰਦਰ ਚਾਰ ਚੁਫੇਰੇ ਲੰਪੀ ਬਿਮਾਰੀ ਤੋਂ ਪੀੜਤ ਗਊਆਂ ਦੇ ਗੋਬਰ ਨਾਲ ਥਾਂ- ਥਾਂ ਤੋਂ ਖਰਾਬ ਹੋ ਚੁੱਕਾ ਹੈ। ਨਗਰ ਕੌਂਸਲ ਦੇ ਅਧਿਕਾਰੀ ਇਸ ਮਾਮਲੇ ਤੋਂ ਪੂਰੀ ਤਰ੍ਹਾਂ ਬੇਧਿਆਨੇ ਹੋਏ ਬੈਠੇ ਹਨ|
ਜਨਤਕ ਆਗੂ ਬਲਦੇਵ ਸਿੰਘ ਪੰਡੋਰੀ, ਦਲਵਿੰਦਰ ਸਿੰਘ ਪਨੂੰ ਆਦਿ ਨੇ ਕਿਹਾ ਕਿ ਨਗਰ ਕੌਂਸਲ ਵੱਲੋਂ ਪਾਰਕ ਦੇ ਰੱਖ-ਰਖਾਓ ਵੱਲ ਬਣਦਾ ਧਿਆਨ ਨਾ ਦੇਣ ਕਾਰਨ ਜਿਥੇ ਪਾਰਕ ਦੇ ਅੰਦਰ ਅਵਾਰਾ ਪਸ਼ੂ ਰੋਜ਼ਾਨਾ ਦੇਖੇ ਜਾ ਸਕਦੇ ਹਨ। ਪਾਰਕ ਦੇ ਗੇਟ ਅਕਸਰ ਖੁੱਲ੍ਹੇ ਰਹਿਣ ਕਾਰਨ ਪਸ਼ੂਆਂ ਲਈ ਪਾਰਕ ਦੇ ਅੰਦਰ ਦਾਖਲ ਹੋਣਾ ਬਹੁਤ ਹੀ ਆਸਾਨ ਹੈ। ਪਸ਼ੂਆਂ ਦੇ ਗੋਬਰ ਨਾਲ ਪੈਦਾ ਹੁੰਦੀ ਗੰਦਗੀ ਨੂੰ ਸਾਫ਼ ਕਰਨ ਲਈ ਕਈ ਕਈ ਦਿਨ ਤੱਕ ਕਾਰਵਾਈ ਨਹੀਂ ਕੀਤੀ ਜਾਂਦੀ| ਪਾਰਕ ਵਿੱਚ ਬੱਚਿਆਂ ਲਈ ਲਗਾਏ ਝੂਲੇ ਆਦਿ ਸਾਰੇ ਦੇ ਸਾਰੇ ਖਰਾਬ ਹੋ ਚੁੱਕੇ ਹਨ ਜਿਸ ਵੱਲ ਅਧਿਕਾਰੀ ਧਿਆਨ ਨਹੀਂ ਦੇ ਰਹੇ| ਇਸ ਪਾਰਕ ਵਿੱਚ ਰੋਜ਼ਾਨਾ ਸਵੇਰ-ਸ਼ਾਮ ਸੈਂਕੜੇ ਸ਼ਹਿਰ ਵਾਸੀ ਸੈਰ ਕਰਨ ਲਈ ਆਉਂਦੇ ਹਨ।
ਇਥੇ ਰਾਜਸੀ ਪਾਰਟੀਆਂ, ਮੁਲਾਜ਼ਮਾਂ, ਮਜ਼ਦੂਰਾਂ, ਕਿਸਾਨਾਂ ਆਦਿ ਜਨਤਕ ਜਥੇਬੰਦੀਆਂ ਵੱਲੋਂ ਇਕੱਠ ਆਦਿ ਵੀ ਕੀਤੇ ਜਾਂਦੇ ਹਨ| ਲੋਕਾਂ ਨੇ ਮੰਗ ਕੀਤੀ ਹੈ ਕਿ ਇਹ ਪਾਰਕ ਵੱਡੀ ਗਿਣਤੀ ਲੋਕਾਂ ਦੀ ਵਰਤੋਂ ਵਾਲਾ ਥਾਂ ਹੋਣ ਕਾਰਨ ਇਸ ਵੱਲ ਨਗਰ ਕੌਂਸਲ ਦੇ ਅਧਿਕਾਰੀਆਂ/ਕਰਮਚਾਰੀਆਂ ਨੂੰ ਉਚੇਚਾ ਧਿਆਨ ਦੇਣਾ ਚਾਹੀਦਾ ਹੈ| ਨਗਰ ਕੌਂਸਲ ਦੇ ਕਾਰਜ ਸਾਧਕ ਅਧਿਕਾਰੀ ਧਰਮਪਾਲ ਸਿੰਘ ਨੇ ਕਿਹਾ ਕਿ ਉਹ ਪਾਰਕ ਅੰਦਰ ਦਾਖਲ ਹੋ ਗਈਆਂ ਗਊਆਂ ਆਦਿ ਨੂੰ ਗਊਸ਼ਾਲਾ ਭੇਜਣ ਲਈ ਹੁਣੇ ਹਦਾਇਤ ਕਰ ਰਹੇ ਹਨ।