ਖੇਤਰੀ ਪ੍ਰਤੀਨਿਧ
ਅੰਮ੍ਰਿਤਸਰ, 7 ਜੁਲਾਈ
ਨਗਰ ਨਿਗਮ ਸੰਯੁਕਤ ਕਮਿਸ਼ਨਰ ਦੇ ਹੁਕਮ ਅਤੇ ਵਧੀਕ ਉਪ ਕਮਿਸ਼ਨਰ ਪੁਲੀਸ ਟਰੈਫਿਕ ਅੰਮ੍ਰਿਤਸਰ ਦੀਆਂ ਹਦਾਇਤਾਂ ’ਤੇ ਸਾਂਝੇ ਤੌਰ ’ਤੇ ਕਾਰਵਾਈ ਕਰਦੇ ਹੋਏ ਨਗਰ ਨਿਗਮ ਅਤੇ ਟ੍ਰੈਫਿਕ ਪੁਲੀਸ ਵਿਭਾਗ ਵੱਲੋਂ ਸੁਲਤਾਨਵਿੰਡ ਗੇਟ ਤੋਂ ਚਾਟੀਵਿੰਡ ਚੌਕ ਤੱਕ ਦੋਨੋਂ ਸਾਈਡਾਂ ’ਤੇ ਸੜਕਾਂ/ਫੁੱਟਪਾਥਾਂ ਉੱਪਰ ਦੁਕਾਨਦਾਰਾਂ ਵੱਲੋਂ ਕੀਤੇ ਨਾਜਾਇਜ਼ ਕਬਜ਼ੇ ਹਟਾਏ ਗਏ ਅਤੇ ਸਾਮਾਨ ਜ਼ਬਤ ਕਰਕੇ ਨਗਰ ਨਿਗਮ ਦੇ ਸਟੋਰ ਵਿੱਚ ਜਮ੍ਹਾਂ ਕਰਵਾਇਆ ਗਿਆ। ਇਸ ਕਾਰਵਾਈ ਵਿੱਚ ਨਵਰੀਤ ਕੌਰ ਇੰਚਾਰਜ ਜ਼ੋਨ ਨੰਬਰ 1 ਟਰੈਫਿਕ ਸਟਾਫ ਸਮੇਤ 6 ਮੋਬਾਈਲ ਪੈਟਰੋਲਿੰਗ ਮੋਟਰਸਾਈਕਲ ਅਤੇ 12 ਪੁਲੀਸ ਕਰਮਚਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਸਾਮਾਨ ਆਪਣੀਆਂ ਦੁਕਾਨਾਂ ਦੇ ਅੰਦਰ ਹੀ ਰੱਖਣ ਤਾਂ ਜੋ ਕਿਸੇ ਵੀ ਤਰ੍ਹਾਂ ਟਰੈਫਿਕ ਵਿਵੱਸਥਾ ਪ੍ਰਭਾਵਿਤ ਨਾ ਹੋਵੇ। ਇਸ ਤੋਂ ਇਲਾਵਾ ਘਿਉ ਮੰਡੀ ਚੋੌਕ, ਸ਼ੇਰਾਂ ਵਾਲਾ ਗੇਟ ਵਿੱਚ ਦੁਕਾਨਦਾਰਾਂ ਵੱਲੋਂ ਫੁੱਟਪਾਥਾਂ ਉਪਰ ਕੀਤੇ ਨਾਜਾਇਜ਼ ਕਬਜ਼ਿਆਂ ਨੂੰ ਵੀ ਮੌਕੇ ਤੋਂ ਹਟਾਇਆ ਗਿਆ। ਇਸੇ ਦੌਰਾਨ ਸੰਯੁਕਤ ਕਮਿਸ਼ਨਰ ਵੱਲੋਂ ਸ਼ਹਿਰੀਆਂ ਨੂੰ ਅਪੀਲ ਕੀਤੀ ਗਈ ਕਿ ਉਹ ਸਰਕਾਰੀ ਜਮੀਨਾਂ, ਫੁੱਟਪਾਥਾਂ, ਦੁਕਾਨਾਂ ਦੇ ਬਾਹਰ ਤੇ ਬਰਾਂਡਿਆਂ ਵਿੱਚ ਕੋਈ ਵੀ ਸਾਮਾਨ ਆਦਿ ਰੱਖ ਕੇ ਨਾਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਨਾ ਕਰਨ। ਜੇ ਕੋਈ ਵਿਅਕਤੀ ਸ਼ਹਿਰ ਵਿੱਚ ਅਜਿਹਾ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਦੇ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਤੁਰੰਤ ਅਮਲ ਵਿੱਚ ਲਿਆਂਦੀ ਜਾਵੇਗੀ।