ਨਿੱਜੀ ਪੱਤਰ ਪ੍ਰੇਰਕ
ਬਲਾਚੌਰ, 28 ਅਪਰੈਲ
ਪੰਜਾਬ ਸਰਕਾਰ ਨੇ ਲੋਕ ਭਲਾਈ ਸਕੀਮਾਂ ਦੇ ਸਬੰਧ ਵਿੱਚ ਦਿੱਲੀ ਸਰਕਾਰ ਨਾਲ ਜਿਹੜੇ ਸਹਿਮਤੀ ਪੱਤਰ ’ਤੇ ਹਸਤਾਖਰ ਕੀਤੇ ਹਨ, ਇਹ ਲਾਹੌਰ ਦਰਬਾਰ ਦੇ ਮਹਾਰਾਜੇ ਦੀ ਸੁਰੱਖਿਆ ਲਈ ਮਾਰਚ 1846 ਈ. ਵਿੱਚ ਅੰਗਰੇਜ਼ਾਂ ਨੂੰ ਸੱਦਾ ਦੇਣ ਦੇ ਬਰਾਬਰ ਹੈ। ਇਹ ਵਿਚਾਰ ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਨੇ ਪੰਜਾਬ ਸਰਕਾਰ ਵਲੋਂ ਦਿੱਲੀ ਸਰਕਾਰ ਨਾਲ 18 ਵਿਭਾਗਾਂ ਦੇ ਕੀਤੇ ਆਪਸੀ ਸਮਝੌਤੇ ਸਬੰਧੀ ਬੋਲਦਿਆਂ ਕਹੇ। ਉਨ੍ਹਾਂ ਕਿਹਾ ਕਿ ਇਸ ਸਮਝੌਤੇ ’ਤੇ ਹਸਤਾਖਰ ਕਰਕੇ ਪੰਜਾਬ ਸਰਕਾਰ ਨੇ ਪੰਜਾਬ ਵਿੱਚ ਭਲਾਈ ਸਕੀਮਾਂ ਨੂੰ ਲਾਗੂ ਕਰਨ ਅਤੇ ਉਨ੍ਹਾਂ ਦਾ ਪ੍ਰਬੰਧਨ ਦੀ ਜ਼ਿੰਮੇਵਾਰੀ ਨੂੰ ਖਤਮ ਕਰ ਦਿੱਤਾ ਹੈ। ਚੌਧਰੀ ਮੰਗੂਪੁਰ ਨੇ ਕਿਹਾ ਕਿ ਐੱਮ.ਓ.ਯੂ. ਦਾ ਆਰਟੀਕਲ 8 ‘ਲੋਕ ਭਲਾਈ ਸਹਿਯੋਗ ’ਤੇ ਦਿੱਲੀ-ਪੰਜਾਬ ਜੁਆਇੰਟ ਵਰਕਿੰਗ ਗਰੁੱਪ’ ਬਣਾਉਣ ਦੀ ਇਜਾਜ਼ਤ ਦਿੰਦਾ ਹੈ, ਜੋ ਇਸ ਸਮਝੌਤੇ ਨੂੰ ਤਾਲਮੇਲ ਅਤੇ ਲਾਗੂ ਕਰਨ ਲਈ ਅਧਿਕਾਰਤ ਹੋਵੇਗਾ। ਉਨ੍ਹਾਂ ਕਿਹਾ ਕਿ ਐੱਮ.ਓ.ਯੂ. ਵਿੱਚ ਅਜਿਹੇ ਗਰੁੱਪ ਦੇ ਕੰਮਕਾਜ ਲਈ ਕੋਈ ਸਪੱਸ਼ਟ ਨਿਯੁਕਤੀ ਪ੍ਰਕਿਰਿਆ ਜਾਂ ਨਿਯਮ ਵਗੈਰਾ ਨਹੀਂ ਹਨ, ਅਸਲ ਵਿੱਚ ਇਹ ਇਸ ਅਣ-ਚੁਣੇ ‘ਵਰਕਿੰਗ ਗਰੁੱਪ’ ਨੂੰ ਮੁੱਖ ਮੰਤਰੀ ਦੇ ਦਾਇਰੇ ਤੋਂ ਬਾਹਰ, ਰਾਜ ਦੇ ਮਾਮਲਿਆਂ ਦਾ ਪ੍ਰਬੰਧਨ ਕਰਨ ਦੀ ਇਜ਼ਾਜ਼ਤ ਦੇਵੇਗਾ। ਉਨ੍ਹਾਂ ਕਿਹਾ ਕਿ ਇਸ ਐੱਮ.ਓ.ਯੂ. ਦੇ ਕੰਮਕਾਜ ਸਬੰਧੀ ਸਾਰੀ ਜਾਣਕਾਰੀ ਨੂੰ ‘ਗੁਪਤ’ ਮੰਨਿਆ ਜਾ ਸਕਦਾ ਹੈ ਅਤੇ ਇਸ ਲਈ ਇਸ ਦੀਆਂ ਕਾਰਵਾਈਆਂ ਨੂੰ ਜਨਤਾ ਤੋਂ ਛੁਪਾਇਆ ਜਾਵੇਗਾ।
ਦਿੱਲੀ ਦੀ ਦਖ਼ਲਅੰਦਾਜ਼ੀ ਦੀ ਸ਼ੁਰੂਆਤ ਬਾਦਲ ਪਰਿਵਾਰ ਨੇ ਕਰਵਾਈ: ਬਾਜਵਾ
ਬਟਾਲਾ (ਨਿੱਜੀ ਪੱਤਰ ਪ੍ਰੇਰਕ): ਕਰਤਾਰਪੁਰ ਰਾਵੀ ਦਰਸ਼ਨ ਅਭਿਲਾਖੀ ਸੰਸਥਾ ਦੇ ਜਨਰਲ ਸਕੱਤਰ ਅਤੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਜ਼ਿਲ੍ਹਾ ਪ੍ਰਧਾਨ ਗੁਰਿੰਦਰ ਸਿੰਘ ਬਾਜਵਾ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਉਸ ਬਿਆਨ ’ਤੇ ਹੈਰਾਨੀ ਪ੍ਰਗਟਾਈ, ਜਿਸ ਵਿੱਚ ਉਸ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਦਿੱਲੀ ਨਾਲ ਕੀਤੇ ਸਮਝੌਤਿਆਂ ਨੂੰ ਦਿੱਲੀ ਦੀ ਦਖ਼ਲਅੰਦਾਜ਼ੀ ਤੇ ਪੰਜਾਬ ਦੇ ਇਤਿਹਾਸ ਵਿੱਚ ਕਾਲਾ ਦਿਨ ਕਿਹਾ। ਬਾਜਵਾ ਨੇ ਆਖਿਆ ਕਿ ਅਸਲ ’ਚ ਦਿੱਲੀ ਦੀ ਦਖਲਅੰਦਾਜ਼ੀ ਦੀ ਸ਼ੁਰੂਆਤ ਪੰਥਕ ਸੰਸਥਾਵਾਂ ਅਤੇ ਪੰਜਾਬ ਮਾਮਲਿਆਂ ਵਿੱਚ ਬਾਦਲ ਪਰਿਵਾਰ ਨੇ ਕਰਵਾਈ ਇਸ ਪਿਰਤ ਨਾਲ ਪੰਥਕ ਸੰਸਥਾਵਾਂ ’ਚ ਨਿਘਾਰ ਆਇਆ। ਦਿੱਲੀ ਵਿੱਚ ਅਸੈਂਬਲੀ ਅਤੇ ਕਾਰਪੋਰੇਸ਼ਨ ਦੀਆਂ ਸੀਟਾਂ ’ਤੇ ਬਾਦਲ ਪਰਿਵਾਰ ਆਪਣੀ ਪਾਰਟੀ ਦੇ ਉਮੀਦਵਾਰਾਂ ਨੂੰ ਭਾਜਪਾ ਦੇ ਚੋਣ ਨਿਸ਼ਾਨ ’ਤੇ ਲੰਬੇ ਸਮੇਂ ਤੋਂ ਚੋਣ ਲੜਾਉਂਦਾ ਰਿਹਾ। ਉਹ ਸਾਰੇ ਹੀ ਹੁਣ ਭਾਜਪਾ ਵਿੱਚ ਜਾ ਰਲੇ ਹਨ ਅਤੇ ਅਸਿੱਧੇ ਤੌਰ ਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਟ ਕਮੇਟੀ ਦਾ ਪ੍ਰਬੰਧ ਭਾਜਪਾ ਅਤੇ ਆਰ ਐਸ ਐਸ ਦੇ ਹੱਥਾਂ ਵਿੱਚ ਚਲਾ ਗਿਆ। ਇਹੀ ਨਹੀਂ ਬੀਬੀ ਹਰਸਿਮਰਤ ਕੌਰ ਦੀ ਵਜ਼ੀਰੀ ਲੈਣ ਲਈ ਪੂਰੀ ਤਰ੍ਹਾਂ ਦਿੱਲੀ ਦਰਬਾਰ ਅੱਗੇ ਗੋਡੇ ਟੇਕ ਦਿੱਤੇ।