ਪੱਤਰ ਪ੍ਰੇਰਕ
ਪਠਾਨਕੋਟ, 19 ਨਵੰਬਰ
ਸੁਜਾਨਪੁਰ ਦੇ ਪੁਲ ਨੰਬਰ 4 ਦੇ ਚੌਰਾਹੇ ਨੂੰ ਪਾਰ ਕਰਦੇ ਹੋਏ ਵਾਲਵੋ ਬੱਸ ਦੀ ਲਪੇਟ ਵਿੱਚ ਆਊਣ ਕਾਰਨ ਸੁਜਾਨਪੁਰ ਵਾਸੀ ਮੋਟਰਸਾਈਕਲ ਸਵਾਰ ਇੱਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਅੰਕੁਰ ਕੁਮਾਰ ਉਰਫ ਬੰਟੀ (33) ਵਾਸੀ ਮੁਹੱਲਾ ਸੇਖਾ ਸੁਜਾਨਪੁਰ ਵਜੋਂ ਹੋਈ।
ਏਐਸਆਈ ਸੰਜੀਵ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਅੰਕੁਰ ਕੁਮਾਰ ਪਿੰਡ ਕੀੜੀ ਵਿੱਚ ਮਕੈਨਿਕ ਦੀ ਦੁਕਾਨ ਕਰਦਾ ਸੀ। ਬੀਤੀ ਰਾਤ ਕਰੀਬ 10 ਵਜੇ ਉਹ ਆਪਣੇ ਬੁਲਟ ਮੋਟਰਸਾਈਕਲ ’ਤੇ ਵਾਪਸ ਆ ਰਿਹਾ ਸੀ ਕਿ ਨੈਸ਼ਨਲ ਹਾਈਵੇਅ ਦੇ ਪੁਲ ਨੰਬਰ 4 ਦੇ ਚੌਰਾਹੇ ਨੂੰ ਕਰਾਸ ਕਰ ਰਿਹਾ ਸੀ ਤਾਂ ਮਾਧੋਪੁਰ ਵੱਲੋਂ ਆ ਰਹੀ ਬੱਸ ਦੀ ਲਪੇਟ ਵਿੱਚ ਆਊਣ ਕਰਕੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਦੁਰਘਟਨਾ ਵਾਪਰਦੇ ਸਾਰ ਹੀ ਬੱਸ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਦੂਸਰੇ ਪਾਸੇ ਪੁਲੀਸ ਨੇ ਪੋਸਟ ਮਾਰਟਮ ਕਰਵਾਉਣ ਬਾਅਦ ਮ੍ਰਿਤਕ ਦੀ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ। ਪੁਲੀਸ ਦਾ ਕਹਿਣਾ ਹੈ ਕਿ ਮੁਲਜ਼ਮ ਨੂੰ ਛੇਤੀ ਹੀ ਕਾਬੂ ਕਰ ਲਿਆ ਜਾਵੇਗਾ।