ਹਰਜੀਤ ਸਿੰਘ ਪਰਮਾਰ
ਬਟਾਲਾ, 26 ਜੂਨ
ਇਥੇ ਥਾਣਾ ਸਿਵਲ ਲਾਈਨਜ਼ ਦੀ ਪੁਲੀਸ ਨੇ ਇੱਕ ਮੋਟਰਸਾਈਕਲ ਚੋਰੀ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕਰਦਿਆਂ ਪੰਜ ਮੁਲਜ਼ਮਾਂ ਖਿਲਾਫ਼ ਮੁਕੱਦਮਾ ਦਰਜ ਕਰਕੇ ਗੋਰਹ ਦੇ ਸਰਗਨੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਡੀਐੱਸਪੀ ਸਿਟੀ ਪਰਵਿੰਦਰ ਕੌਰ ਨੇ ਦੱਸਿਆ ਕਿ ਕੱਲ੍ਹ ਦੇਰ ਸ਼ਾਮ ਪੁਲੀਸ ਟੀਮ ਸਥਾਨਕ ਕਾਦੀਆਂ ਚੁੰਗੀ ’ਤੇ ਰੁਟੀਨ ਗਸ਼ਤ ਕਰ ਰਹੀ ਸੀ ਕਿ ਇੱਕ ਮੁਖ਼ਬਰ ਨੇ ਗੁਪਤ ਸੂਚਨਾ ਦਿੱਤੀ ਕਿ ਪੰਜ ਵਿਅਕਤੀਆਂ ਦਾ ਇੱਕ ਮੋਟਰਸਾਈਕਲ ਚੋਰ ਗਰੋਹ ਗੁਰਦਾਸਪੁਰ ਜ਼ਿਲ੍ਹੇ ਵਿੱਚ ਸਰਗਰਮ ਹੈ ਜਿਸ ਵਿੱਚ ਸਰਗਨਾ ਅਕਾਸ਼ ਮਸੀਹ ਵਾਸੀ ਅਲਾਵਲਪੁਰ, ਮੈਨੂੰ ਮਸੀਹ ਵਾਸੀ ਪਿੰਡ ਜੀਵਨਵਾਲ ਬੱਬਰੀ, ਮੈਨੂ, ਕਰਨ ਵਾਸੀ ਜੀਵਨਵਾਲ ਬੱਬਰੀ ਅਤੇ ਮੰਨੂੰ ਵਾਸੀ ਸਿਧਵਾਂ ਜਮੀਤਾਂ ਸ਼ਾਮਿਲ ਹਨ। ਉਪਰੰਤ ਪੁਲੀਸ ਨੇ ਛਾਪੇਮਾਰੀ ਕਰਕੇ ਗਰੋਹ ਦੇ ਸਰਗਨਾ ਅਕਾਸ਼ ਮਸੀਹ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਪੁੱਛਗਿੱਛ ਦੌਰਾਨ ਉਸ ਦੀ ਨਿਸ਼ਾਨਦੇਹੀ ’ਤੇ 10 ਮੋਟਰਸਾਈਕਲ ਬਰਾਮਦ ਕੀਤੇ ਗਏ ਹਨ। ਡੀਐਸਪੀ ਨੇ ਦੱਸਿਆ ਕਿ ਬਾਕੀ ਮੁਲਜ਼ਮ ਫਿਲਹਾਲ ਫ਼ਰਾਰ ਹਨ। ਉਨ੍ਹਾਂ ਦੱਸਿਆ ਕਿ ਉਕਤ ਮੁਲਜ਼ਮ ਸਿਰਫ਼ ਸਪਲੈਂਡਰ ਮੋਟਰਸਾਈਕਲ ਹੀ ਚੋਰੀ ਕਰਦੇ ਸਨ ਕਿਉਂ ਕਿ ਇਸ ਦਾ ਲੌਕ ਆਸਾਨੀ ਨਾਲ ਖੁੱਲ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਆਸ ਹੈ।