ਪੱਤਰ ਪ੍ਰੇਰਕ
ਗੁਰਦਾਸਪੁਰ, 20 ਅਪਰੈਲ
ਸਰਕਾਰੀ ਸਕੂਲਾਂ ਅੰਦਰ ਬੱਚਿਆਂ ਦਾ ਦਾਖ਼ਲਾ ਵਧਾਉਣ ਲਈ ਸਿੱਖਿਆ ਵਿਭਾਗ ਨੇ ਨਿਵੇਕਲਾ ਉਪਰਾਲਾ ਕਰਦਿਆਂ ਅੱਜ ਜ਼ਿਲ੍ਹਾ ਗੁਰਦਾਸਪੁਰ ਅੰਦਰ ਅਧਿਆਪਕਾਂ ਦੇ ਸਹਿਯੋਗ ਨਾਲ ਜ਼ਿਲ੍ਹਾ ਤੇ ਬਲਾਕ ਪੱਧਰ ’ਤੇ ਦਾਖ਼ਲਾ ਮੇਲਾ ਲਾਇਆ ਗਿਆ। ਗੁਰਦਾਸਪੁਰ ਦੇ ਪੁਰਾਣਾ ਬੱਸ ਅੱਡਾ ਵਿੱਚ ਜ਼ਿਲ੍ਹਾ ਪੱਧਰੀ ਮੇਲੇ ਦਾ ਉਦਘਾਟਨ ਜ਼ਿਲ੍ਹਾ ਸਿੱਖਿਆ ਅਫਸਰ ਸੁਰਜੀਤ ਪਾਲ ਵੱਲੋਂ ਕੀਤਾ ਗਿਆ। ਇਸ ਮੌਕੇ ਆਮ ਲੋਕਾਂ ਨੂੰ ਸਰਕਾਰੀ ਸਕੂਲਾਂ ’ਚ ਮਿਲਦੀਆਂ ਸਹੂਲਤਾਂ ਤੋਂ ਜਾਣੂ ਕਰਾਉਣ ਦੇ ਉਦੇਸ਼ ਹਿਤ ਪੋਸਟਰ ਅਤੇ ਹੋਰਡਿੰਗ ਲਗਾਉਣ ਤੋਂ ਇਲਾਵਾ ਪੈਂਫਲੇੱਟ ਵੀ ਵੰਡੇ ਗਏ। ਲੋਕਾਂ ਵੱਲੋਂ ਮੌਕੇ ’ਤੇ ਆਪਣੇ ਬੱਚਿਆਂ ਦਾ ਦਾਖਲਾ ਵੀ ਸਰਕਾਰੀ ਸਕੂਲਾਂ ਵਿੱਚ ਕਰਵਾਉਣ ਦਾ ਵੱਡਾ ਹੁੰਗਾਰਾ ਭਰਿਆ ਗਿਆ। ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਸੰਬੋਧਨ ਕਰਦੇ ਸਰਕਾਰੀ ਸਕੂਲਾਂ ਅੰਦਰ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਅਤੇ ਸਿੱਖਿਆ ਨੂੰ ਸਮੇਂ ਦੇ ਹਾਣ ਦਾ ਬਨਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੰਦੇ ਮਾਪਿਆਂ ਨੂੰ ਬੱਚੇ ਸਰਕਾਰੀ ਸਕੂਲਾਂ ਵਿੱਚ ਦਾਖਲਾ ਕਰਵਾ ਕੇ ਸਹੂਲਤਾਂ ਲੈਣ ਦਾ ਸੱਦਾ ਦਿੱਤਾ।