ਜਤਿੰਦਰ ਸਿੰਘ ਬਾਵਾ
ਸ੍ਰੀ ਗੋਇੰਦਵਾਲ ਸਾਹਿਬ, 20 ਜੂਨ
ਇਤਿਹਾਸਕ ਨਗਰ ਗੋਇੰਦਵਾਲ ਸਾਹਿਬ ਵਿੱਚ ਇੱਕ ਦੁਖਿਆਰੀ ਮਾਂ ਵੱਲੋਂ ਫੇਸਬੁੱਕ ’ਤੇ ਲਾਈਵ ਹੋ ਕੇ ਇੱਥੇ ਨਸ਼ਿਆਂ ਦੀ ਸ਼ਰ੍ਹੇਆਮ ਹੋ ਰਹੀ ਵਿਕਰੀ ਦੇ ਖੁਲਾਸੇ ਕੀਤੇ ਗਏ ਹਨ। ਇਸ ਲਾਈਵ ਵੀਡੀਓ ਵਿਚ ਨਿੰਦਰ ਕੌਰ ਪਤਨੀ ਲੇਟ ਗੁਰਭੇਜ ਸਿੰਘ ਨੇ ਦੱਸਿਆ ਕਿ ਉਸ ਦਾ ਛੋਟਾ ਪੁੱਤਰ ਨਸ਼ਿਆਂ ਦੀ ਦਲਦਲ ਵਿੱਚ ਫਸ ਕੇ ਜਾਨ ਗੁਆ ਚੁੱਕਾ ਹੈ ਜਦਕਿ ਵੱਡਾ ਪੁੱਤਰ ਵੀ ਨਸ਼ਿਆਂ ਦੀ ਭੈੜੀ ਲਤ ਦਾ ਸ਼ਿਕਾਰ ਹੋਣ ਕਰਕੇ ਸਾਰੇ ਘਰ ਦਾ ਉਜਾੜਾ ਕਰ ਚੁੱਕਾ ਹੈ। ਪੀੜਤ ਔਰਤ ਨੇ ਦੱਸਿਆ ਕਿ ਇਤਿਹਾਸਕ ਨਗਰ ਗੋਇੰਦਵਾਲ ਸਾਹਿਬ ਨਸ਼ਿਆਂ ਦਾ ਗੜ੍ਹ ਬਣਿਆ ਹੋਇਆ ਅਤੇ ਅਨੇਕਾਂ ਘਰ ਨਸ਼ਿਆਂ ਦਾ ਵਪਾਰ ਕਰ ਰਹੇ ਹਨ ਤੇ ਪੁਲੀਸ ਪ੍ਰਸ਼ਾਸਨ ਮੂਕ ਦਰਸ਼ਕ ਬਣਿਆ ਹੋਇਆ ਹੈ। ਜਿਸ ਵਿਅਕਤੀ ਦੇ ਫੇਸਬੁੱਕ ਤੋਂ ਸਬੰਧਤ ਔਰਤ ਲਾਈਵ ਹੋਈ, ਉਸ ਨੇ ਪੁਲੀਸ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕਰਦੇ ਹੋਏ ਕਿਹਾ ਹੈ ਕਿ ਇਸ ਗੰਭੀਰ ਮਾਮਲੇ ਦੀ ਸ਼ਿਕਾਇਤ ਸਬੰਧੀ ਜਿੱਥੇ ਡੀਐੱਸਪੀ ਰਮਨਦੀਪ ਸਿੰਘ ਭੁੱਲਰ ਨੇ ਕੋਈ ਗੱਲ ਨਹੀ ਸੁਣੀ ਉੱਥੇ ਹੀ ਐੱਸਐੱਸਪੀ ਨੂੰ ਤਿੰਨ ਵਾਰ ਫੋਨ ਕੀਤਾ ਪਰ ਉਨ੍ਹਾਂ ਫੋਨ ਨਾ ਚੁੱਕਿਆ। ਜ਼ਿਕਰਯੋਗ ਹੈ ਇਸ ਫੇਸਬੁੱਕ ਲਾਈਵ ਦੀ ਵੀਡੀਓ ਕਾਰਨ ਲੋਕ ਪੁਲੀਸ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕ ਰਹੇ ਹਨ। ਵੀਡੀਓ ਵਾਇਰਲ ਹੋਣ ਤੋ ਬਾਅਦ ਭਾਵੇਂ ਪੁਲੀਸ ਪ੍ਰਸ਼ਾਸਨ ਹਰਕਤ ਵਿੱਚ ਨਹੀਂ ਆਇਆ ਪਰ ਨਸ਼ੇੜੀ ਪੁੱਤ ਵੱਲੋ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਦੁਖਿਆਰੀ ਮਾਂ ’ਤੇ ਵੀਡੀਓ ਡਿਲੀਟ ਕਰਵਾਉਣ ਲਈ ਦਬਾਅ ਪਾਇਆ ਜਾ ਰਿਹਾ ਹੈ ਪਰ ਦੁਖਿਆਰੀ ਮਾਂ ਬੇਵੱਸ ਹੈ। ਉਧਰ ਐੱਸਐੱਸਪੀ ਧਰੁਮਨ ਐੱਚ ਨਿੰਬਾਲੇ ਨੇ ਕਿਹਾ ਕਿ ਨਸ਼ਿਆ ਦਾ ਮੁੱਦਾ ਕਾਫੀ ਗੰਭੀਰ ਹੈ। ਸਬੰਧਤ ਔਰਤ ਵੱਲੋਂ ਕੀਤੀ ਲਾਈਵ ਸਬੰਧੀ ਉਹ ਖੁਦ ਪੜਤਾਲ ਕਰਨਗੇ ਜਿਸ ਲਈ ਉਹ ਡੀਐੱਸਪੀ ਰਮਨਦੀਪ ਸਿੰਘ ਭੁੱਲਰ ਅਤੇ ਐੱਸਐੱਚਓ ਜਸਵੰਤ ਸਿੰਘ ਦੀ ਜਵਾਬਤਲਬੀ ਕਰਨ ਦੇ ਨਾਲ ਨਸ਼ਿਆਂ ਦਾ ਕਾਰੋਬਾਰ ਕਰਨ ਵਾਲਿਆਂ ਖ਼ਿਲਾਫ਼ ਸਖਤ ਕਾਰਵਾਈ ਅਮਲ ਵਿੱਚ ਲਿਆਉਣਗੇ।