ਨਿੱਜੀ ਪੱਤਰ ਪ੍ਰੇਰਕ
ਗੁਰਦਾਸਪੁਰ, 27 ਜੂਨ
ਪੰਜਾਬੀ ਸਾਹਿਤ ਸਭਾ, ਗੁਰਦਾਸਪੁਰ ਦੀ ਮਹੀਨਾਵਾਰ ਬੈਠਕ ਕੇਪੀ ਸਿੰਘ ਦੀ ਮੇਜ਼ਬਾਨੀ ਹੇਠ ਉਨ੍ਹਾਂ ਦੇ ਗ੍ਰਹਿ ਵਿੱਚ ਹੋਈ । ਸਭਾ ਦੇ ਜਨਰਲ ਸਕੱਤਰ ਸੁਭਾਸ਼ ਦੀਵਾਨਾ ਨੇ ਸਭਾ ਦੀ ਕਾਰਵਾਈ ਸ਼ੁਰੂ ਕਰਦਿਆਂ ਵਰਤਮਾਨ ਵਿਚ ਕੇਂਦਰ ਦੀ ਸਰਕਾਰ ਵੱਲੋਂ ਅਗਨੀਪਥ ਯੋਜਨਾ ਤਹਿਤ ਫ਼ੌਜ ਵਿਚ ਚਾਰ ਸਾਲ ਲਈ ਭਰਤੀ ਨੂੰ ਨੌਜਵਾਨਾਂ ਨਾਲ ਕੋਝਾ ਮਜ਼ਾਕ ਦੱਸਿਆ। ਹਮੇਸ਼ਾ ਵਾਂਗ ਰਚਨਾਵਾਂ ਦਾ ਦੌਰ ਸਭਾ ਦੇ ਸਰਪ੍ਰਸਤ ਬਜ਼ੁਰਗ ਸ਼ਾਇਰ ਕਾਮਰੇਡ ਮੁਲਖ ਰਾਜ ਦੇ ਇਨਕਲਾਬੀ ਗੀਤ ਨਾਲ ਸ਼ੁਰੂ ਹੋਇਆ। ਰਾਜਨ ਤਰੇੜੀਆ ਨੇ ਬਾਲ ਕਥਾ ਅਤੇ ਰਜਿੰਦਰ ਸਿੰਘ ਤੱਗੜ ਨੇ ਲੋਕ ਕਥਾ ਸਾਂਝੀ ਕੀਤੀ । ਪ੍ਰੋਫੈਸਰ ਰਾਜ ਕੁਮਾਰ ਅਤੇ ਤਰਸੇਮ ਸਿੰਘ ਭੰਗੂ ਨੇ ਕਹਾਣੀਆਂ ਪੇਸ਼ ਕੀਤੀਆਂ । ਐੱਨਕੇ ਸੋਈ ਨੇ ਕਵਿਤਾ ਤੇ ਹਰਪਾਲ ਬੈਂਸ, ਸੁਭਾਸ਼ ਦੀਵਾਨਾ ਅਤੇ ਸੁਨੀਲ ਕੁਮਾਰ ਨੇ ਗ਼ਜ਼ਲਾਂ ਸੁਣਾ ਕੇ ਵਾਹ-ਵਾਹ ਖੱਟੀ। ਗੀਤਾਂ ਦੇ ਦੌਰ ਵਿਚ ਗੁਰਦੇਵ ਭੁੱਲਰ, ਪ੍ਰਤਾਪ ਪਾਰਸ ਅਤੇ ਪ੍ਰੀਤ ਰਾਣਾ ਨੇ ਤਰੰਨੁਮ ਵਿਚ ਗੀਤ ਪੇਸ਼ ਕੀਤਾ। ਅਸ਼ਵਨੀ ਕੁਮਾਰ ਨੇ ਅੱਜ ਦੇ ਦਿਨ ਦੀ ਮਹੱਤਤਾ ਬਾਰੇ ਦੱਸਿਆ। ਅੰਤ ਵਿਚ ਸਭਾ ਦੇ ਪ੍ਰਧਾਨ ਤਰਸੇਮ ਸਿੰਘ ਭੰਗੂ ਨੇ ਸਭ ਦਾ ਧੰਨਵਾਦ ਕੀਤਾ।