ਪੱਤਰ ਪ੍ਰੇਰਕ
ਪਠਾਨਕੋਟ, 1 ਅਗਸਤ
ਨਾਬਾਲਗ ਲੜਕੀ ਦਾ ਰਾਹ ਰੋਕ ਕੇ ਉਸ ਨੂੰ ਨਾਲ ਲਿਜਾਣ ਦੀ ਕੋਸ਼ਿਸ਼ ’ਚ ਨਾਕਾਮ ਰਹਿਣ ’ਤੇ ਦੋ ਲੜਕਿਆਂ ਵੱਲੋਂ ਉਸ ਦੀ ਕੁੱਟਮਾਰ ਕੀਤੀ ਗਈ। ਇਸ ਸਬੰਧੀ ਡਿਵੀਜ਼ਨ ਨੰਬਰ 2 ਦੀ ਪੁਲੀਸ ਨੇ ਦੋਵਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 323, 354-ਏ, 354-ਡੀ, 506, 341, 34 ਆਈਪੀਸੀ, 12 ਪੋਕਸੋ ਐਕਟ ਤਹਿਤ ਕੇਸ ਦਰਜ ਕੀਤਾ ਹੈ।
ਏਐੱਸਆਈ ਵੰਦਨਾ ਠਾਕੁਰ ਨੇ ਦੱਸਿਆ ਕਿ ਉਹ ਪੁਲੀਸ ਪਾਰਟੀ ਸਮੇਤ ਪਠਾਨਕੋਟ ਦੇ ਪੀਰ ਬਾਬਾ ਚੌਕ ’ਚ ਮੌਜੂਦ ਸੀ ਕਿ 16 ਸਾਲ ਦੀ ਲੜਕੀ ਨੇ ਆਪਣੇ ਪਿਤਾ ਨਾਲ ਆ ਕੇ ਉਸ ਕੋਲ ਬਿਆਨ ਦਰਜ ਕਰਵਾਇਆ ਕਿ ਉਹ 11ਵੀਂ ਜਮਾਤ ਵਿੱਚ ਪੜ੍ਹਦੀ ਹੈ ਅਤੇ ਦੁਪਹਿਰ ਨੂੰ 2:20 ਵਜੇ ਜਦ ਉਹ ਸਕੂਲ ਤੋਂ ਛੁੱਟੀ ਹੋਣ ਬਾਅਦ ਘਰ ਵਾਪਸ ਜਾ ਰਹੀ ਸੀ ਤਾਂ ਮੋਹਿਤ ਪੁੱਤਰ ਰਾਜੇਸ਼ ਵਾਸੀ ਢਾਂਗੂਪੀਰ ਪਠਾਨਕੋਟ ਅਤੇ ਦਿਲਜੀਤ ਵਾਸੀ ਪਠਾਨਕੋਟ ਆਪਣੇ ਮੋਟਰਸਾਈਕਲ ’ਤੇ ਆਏ ਤੇ ਉਸ ਦਾ ਰਸਤਾ ਰੋਕ ਕੇ ਉਸ ਨੂੰ ਮੋਟਰਸਾਈਕਲ ’ਤੇ ਬੈਠਣ ਲਈ ਕਹਿਣ ਲੱਗੇ। ਜਦ ਉਸ ਨੇ ਮਨ੍ਹਾਂ ਕਰ ਦਿੱਤਾ ਤਾਂ ਦਿਲਜੀਤ ਨੇ ਉਸ ਦੇ ਚਪੇੜਾਂ ਮਾਰ ਦਿੱਤੀਆਂ ਤੇ ਦਾਤਰ ਮਾਰਨ ਦੀ ਕੋਸ਼ਿਸ਼ ਕੀਤੀ। ਉੱਥੋਂ ਲੰਘ ਰਹੇ ਰਾਹਗੀਰਾਂ ਨੇ ਉਸ ਨੂੰ ਉਨ੍ਹਾਂ ਦੇ ਚੁੰਗਲ ਵਿੱਚੋਂ ਛੁਡਵਾਇਆ। ਫਰਾਰ ਹੁੰਦੇ ਸਮੇਂ ਮੋਹਿਤ ਨੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਲੜਕੀ ਦਾ ਇਹ ਵੀ ਕਹਿਣਾ ਸੀ ਕਿ ਇਹ ਦੋਵੇਂ ਲੜਕੇ ਉਸ ਦਾ ਪਹਿਲਾਂ ਵੀ ਮਾੜੀ ਨੀਅਤ ਨਾਲ ਪਿੱਛਾ ਕਰਦੇ ਸਨ। ਏਐੱਸਆਈ ਨੇ ਅੱਗੇ ਦੱਸਿਆ ਕਿ ਦੋਵੇਂ ਲੜਕੇ ਫਰਾਰ ਹੋ ਗਏ ਹਨ ਤੇ ਉਨ੍ਹਾਂ ਨੂੰ ਫੜਨ ਲਈ ਛਾਪੇ ਮਾਰੇ ਜਾ ਰਹੇ ਹਨ।