ਐੱਨਪੀ ਧਵਨ
ਪਠਾਨਕੋਟ, 28 ਜੁਲਾਈ
ਇੱਥੇ ਅੱਜ ਸਵੇਰ ਤੋਂ ਲੈ ਕੇ ਸ਼ਾਮ ਤੱਕ ਹੋਈ ਮੋਹਲੇਧਾਰ ਬਾਰਸ਼ ਨਾਲ ਜ਼ਿਲ੍ਹੇ ’ਚ ਜਨਜੀਵਨ ਪ੍ਰਭਾਵਿਤ ਹੋਇਆ। ਮੀਂਹ ਕਾਰਨ ਬਹੁਤੇ ਬੱਚੇ ਸਕੂਲਾਂ ਵਿੱਚ ਜਾ ਨਾ ਸਕੇ ਅਤੇ ਦਫਤਰਾਂ ਵਿੱਚ ਵੀ ਮੁਲਾਜ਼ਮਾਂ ਦੀ ਹਾਜ਼ਰੀ ਘੱਟ ਰਹੀ। ਸੁਜਾਨਪੁਰ-ਪਠਾਨਕੋਟ ਰੋਡ ’ਤੇ ਦਰੱਖਤ ਡਿੱਗਣ ਕਾਰਨ ਆਵਾਜਾਈ ਪ੍ਰਭਾਵਿਤ ਹੋਈ।
ਇਸੇ ਤਰ੍ਹਾਂ ਧਾਰਕਲਾਂ ਦੇ ਨੀਮ ਪਹਾੜੀ ਖੇਤਰ ਵਿੱਚ ਸੜਕ ’ਤੇ ਮਲਬੇ ਦੀਆਂ ਢਿੱਗਾਂ ਡਿੱਗਣ ਨਾਲ ਲਹਿਰੂਨ-ਗੜਲ-ਗਾਹਲ ਪਿੰਡਾਂ ਦਾ ਸੰਪਰਕ ਦੁਨੇਰਾ ਕਸਬੇ ਨਾਲੋਂ ਟੁੱਟ ਗਿਆ। ਖਾਨਪੁਰ-ਸੁਜਾਨਪੁਰ ਸੜਕ ’ਤੇ ਪੈਂਦੀ ਪੁਲੀ ਦਾ ਅੱਧਾ ਹਿੱਸਾ ਰੁੜ੍ਹ ਜਾਣ ਨਾਲ ਸਥਾਨਕ ਲੋਕਾਂ ਨੇ ਪੁਲੀ ਤੋਂ ਚੌਪਹੀਆ ਵਾਹਨ ਲੰਘਣੇ ਬੰਦ ਕਰ ਦਿੱਤੇ। ਇਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਪਠਾਨਕੋਟ ਅਤੇ ਸੁਜਾਨਪੁਰ ਅੰਦਰ ਨੀਵੇਂ ਸਥਾਨਾਂ ’ਤੇ ਦੋ-ਦੋ, ਤਿੰਨ-ਤਿੰਨ ਫੁੱਟ ਪਾਣੀ ਜਮ੍ਹਾਂ ਹੋ ਗਿਆ। ਸੁਜਾਨਪੁਰ ਵਾਸੀਆਂ ਰਾਜਨ ਕੁਮਾਰ, ਕਮਲ ਕੁਮਾਰ, ਸ਼ੰਮੀ ਕੁਮਾਰ ਤੇ ਪਵਨ ਸ਼ਰਮਾ ਨੇ ਦੱਸਿਆ ਕਿ ਅੱਜ ਹੋਈ ਤੇਜ਼ ਬਾਰਸ਼ ਹੋਣ ਕਾਰਨ ਸੁਜਾਨਪੁਰ-ਪਠਾਨਕੋਟ ਰੋਡ ’ਤੇ ਦੋ ਦਰੱਖਤ ਡਿੱਗ ਗਏ। ਇਸ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਆਵਾਜਾਈ ਪ੍ਰਭਾਵਿਤ ਹੋਈ। ਬਾਅਦ ਦੁਪਹਿਰ ਪ੍ਰਸ਼ਾਸਨ ਨੇ ਜੇਸੀਬੀ ਮਸ਼ੀਨ ਲਗਾ ਕੇ ਦਰੱਖਤਾਂ ਨੂੰ ਸੜਕ ਤੋਂ ਹਟਾਇਆ ਤਾਂ ਜਾ ਕੇ ਮਾਰਗ ਬਹਾਲ ਹੋਇਆ ਤੇ ਲੋਕਾਂ ਨੇ ਰਾਹਤ ਮਹਿਸੂਸ ਕੀਤੀ। ਲਹਿਰੂਨ ਸਮੇਤ ਤਿੰਨਾਂ ਪਿੰਡਾਂ ਦੇ ਲੋਕਾਂ ਨੇ ਮੰਗ ਕੀਤੀ ਕਿ ਸੜਕ ਉੱਪਰ ਡਿੱਗਿਆ ਹੋਇਆ ਮਲਬਾ ਜਲਦੀ ਚੁੱਕਿਆ ਜਾਵੇ ਤਾਂ ਜੋ ਟਰੈਫਿਕ ਬਹਾਲ ਹੋ ਸਕੇ।