ਐੱਨ ਪੀ ਧਵਨ
ਪਠਾਨਕੋਟ, 19 ਅਪਰੈਲ
ਜ਼ਿਲ੍ਹਾ ਪਠਾਨਕੋਟ ਦੇ ਹਲਕਾ ਭੋਆ ਅੰਦਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਵੱਲੋਂ ਆਪਣੇ ਚੋਣ ਪ੍ਰਚਾਰ ਦੀ ਸ਼ੁਰੂਆਤ ਇਤਿਹਾਸਕ ਗੁਰਦੁਆਰਾ ਬਾਰਠ ਸਾਹਿਬ ਵਿਖੇ ਅਰਦਾਸ ਕਰਨ ਅਤੇ ਬਾਗ ਵਾਲੀ ਮਾਤਾ ਸੁਜਾਨਪੁਰ ਵਿਖੇ ਮੱਥਾ ਟੇਕਣ ਤੋਂ ਬਾਅਦ ਬਾਰਠ ਸਾਹਿਬ ਵਿਖੇ ਪ੍ਰਭਾਵਸ਼ਾਲੀ ਰੈਲੀ ਕਰਨ ਨਾਲ ਹੋਈ। ਇਸ ਰੈਲੀ ਦੌਰਾਨ ਰਵਾਇਤੀ ਪਾਰਟੀਆਂ ਦੇ ਕਈ ਆਗੂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਜਿਨ੍ਹਾਂ ਨੂੰ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਪਾਰਟੀ ਵਿੱਚ ਸ਼ਾਮਲ ਕੀਤਾ। ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਸਾਬਕਾ ਐੱਮਪੀ ਦਾ ਨਾਂ ਲਏ ਬਿਨਾਂ ਭਾਜਪਾ ’ਤੇ ਸ਼ਬਦੀ ਹਮਲਾ ਕਰਦਿਆਂ ਕਿਹਾ ਕਿ ਉਨ੍ਹਾਂ ਪਹਿਲਾਂ ਭਾਜਪਾ ਵਾਲਿਆਂ ਨੂੰ ਪਿਆਰ ਕਰ ਕੇ ਵੇਖ ਹੀ ਲਿਆ ਹੈ। ਉਨ੍ਹਾਂ ਕਿਹਾ ਕਿ ‘ਉਹ ਜਾਣਦੇ ਹਨ ਕਿ ਇਹ ਗੁਰਦਾਸਪੁਰੀਏ ਨੇ ਜਦੋਂ ਕੋਈ ਬਾਹਰੋਂ ਆਉਂਦਾ ਹੈ ਤਾਂ ਉਹਨੂੰ ਪਿਆਰ ਵੀ ਬੜਾ ਕਰਦੇ ਨੇ ਤੇ ਜਦੋਂ ਕੋਈ ਧੋਖਾ ਦੇਵੇ ਤਾਂ ਫਿਰ ਉਡੀਕਦੇ ਨੇ ਕਿ ਆ ਬਈ ਕਾਕਾ ਤੈਨੂੰ ਦੇਖਦੇ ਹਾਂ।’ ਉਨ੍ਹਾਂ ਕਿਹਾ ਕਿ ਉਹ ਰਾਜਨੀਤੀ ਕਰਨ ਨਹੀਂ ਆਏ ਬਲਕਿ ਰਾਜਨੀਤੀ ਬਦਲਣ ਆਏ ਹਨ। ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਕੇਂਦਰ ਦੀ ਮੋਦੀ ਸਰਕਾਰ ਦੀ ਤਾਨਾਸ਼ਾਹੀ ਦਾ ਜਵਾਬ ਵੋਟ ਨਾਲ ਦਿੱਤਾ ਜਾਵੇ।