ਗੁਰਦੇਵ ਸਿੰਘ ਗਹੂੰਣ
ਬਲਾਚੌਰ, 24 ਨਵੰਬਰ
ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਜਥੇਬੰਦੀਆਂ ਵੱਲੋਂ ਕਰਾਵਰ ਅਤੇ ਬੱਛੂਆਂ ਟੌਲ ਪਲਾਜ਼ਿਆਂ ’ਤੇ ਅੱਜ 42ਵੇਂ ਦਿਨ ਵੀ ਧਰਨੇ ਜਾਰੀ ਰਹੇ। ਸ਼੍ਰੋਮਣੀ ਅਕਾਲੀ ਦਲ (ਬ) ਦੇ ਸੀਨੀਅਰ ਆਗੂ ਬ੍ਰਿਗੇਡੀਅਰ ਰਾਜ ਕੁਮਾਰ, ਬਿਮਲ ਕੁਮਾਰ ਸਿਆਣਾ, ਐਡਵੋਕੇਟ ਰਾਜਵਿੰਦਰ ਲੱਕੀ, ਇੰਦਰਜੀਤ ਲੁੱਡੀ. ਜਸਪਾਲ ਸਿੰਘ ਜਾਡਲੀ ਅਤੇ ਤਰਲੋਚਨ ਸਿੰਘ ਰੱਕੜ, ਆਮ ਆਦਮੀ ਪਾਰਟੀ ਦੇ ਮੈਡਮ ਸੰਤੋਸ਼ ਕਟਾਰੀਆ, ਸਤਨਾਮ ਜਲਾਲਪੁਰ, ਚੰਦਰ ਮੋਹਨ ਜੇ.ਡੀ. ਅਤੇ ਸਿਵਰਕਨ ਚੇਚੀ ਅਤੇ ਕਾਂਗਰਸ ਪਾਰਟੀ ਦੇ ਅਜੈ ਕੁਮਾਰ ਮੰਗੂਪੁਰ, ਹਰਜੀਤ ਸਿੰਘ ਜਾਡਲੀ, ਗੌਰਵ ਵਿੱਕੀ ਅਤੇ ਟਿੰਕੂ ਘਈ ਨੇ ਕਿਹਾ ਕਿ ‘ਦਿੱਲੀ ਚੱਲੋ’ ਕਿਸਾਨ ਅੰਦੋਲਨ ਇਤਿਹਾਸਕ ਹੋਵੇਗਾ ਅਤੇ ਕਿਸਾਨ-ਮਜ਼ਦੂਰ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕਰਨਗੇ।
ਹੁਸ਼ਿਆਰਪੁਰ (ਹਰਪ੍ਰੀਤ ਕੌਰ): ਕਿਸਾਨ ਜਥੇਬੰਦੀਆਂ ਵੱਲੋਂ ਟਾਂਡਾ ਸੜਕ ’ਤੇ ਲਾਚੋਵਾਲ ਟੌਲ ਪਲਾਜ਼ਾ ’ਤੇ ਦਿੱਤਾ ਜਾ ਰਿਹਾ ਧਰਨਾ ਅੱਜ 45ਵੇਂ ਦਿਨ ’ਚ ਪਹੁੰਚ ਗਿਆ। ਕਿਸਾਨ ਆਗੂ ਗੁਰਦੀਪ ਸਿੰਘ ਖੁਣ-ਖੁਣ, ਉਂਕਾਰ ਸਿੰਘ ਧਾਮੀ, ਸਵਰਨ ਸਿੰਘ ਧੁੱਗਾ ਤੇ ਓਮ ਸਿੰਘ ਸਟਿਆਣਾ ਦੀ ਅਗਵਾਈ ਹੇਠ ਦਿੱਤੇ ਗਏ ਧਰਨੇ ਵਿੱਚ ਵੀ ਕਿਸਾਨ ਵਧ-ਚੜ੍ਹ ਕੇ ਪੁੱਜੇ। ਕਿਸਾਨ ਆਗੂਆਂ ਨੇ ਦੱਸਿਆ ਕਿ ਕਾਮਰੇਡ ਦਿਲਬਾਗ ਸਿੰਘ ਡਰੋਲੀ ਨੇ 5 ਹਜ਼ਾਰ ਰੁਪਏ, ਦਲਜੀਤ ਸਿੰਘ, ਕੋਟਲਾ ਨੌਧ ਸਿੰਘ ਨੇ 5 ਹਜ਼ਾਰ ਰੁਪਏ, ਪਰਮਿੰਦਰ ਸਿੰਘ ਸੱਜਣਾਂ ਨੇ 3100 ਰੁਪਏ ਅਤੇ 500 ਰੁਪਏ, ਸਤਵੰਤ ਸਿੰਘ ਹਰਿਆਣਾ ਨੇ 5 ਹਜ਼ਾਰ ਰੁਪਏ, ਪਿੰਡ ਸ਼ੇਰਪੁਰ ਵਾਸੀਆਂ ਨੇ 2800 ਰੁਪਏ, ਸੁਖਦੇਵ ਸਿੰਘ ਖੁੱਡਾ ਨੇ 500 ਰੁਪਏ, ਦੇਸ ਰਾਜ ਸਿੰਘ ਧੁੱਗਾ ਨੇ ਇਕ ਹਜ਼ਾਰ ਰੁਪਏ ਦਿੱਤੇ। ਲੰਗਰ ਦੀ ਸੇਵਾ ਗੁਰੂ ਰਾਮਦਾਸ ਲੰਗਰ ਸੇਵਾ ਕਮੇਟੀ ਹੁਸ਼ਿਆਰਪੁਰ ਨੇ ਕੀਤੀ।
ਗੁਰਦਾਸਪੁਰ (ਜਤਿੰਦਰ ਬੈਂਸ): ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਲਈ ਕਿਸਾਨਾਂ ਦਾ ਧਰਨਾ ਗੁਰਦਾਸਪੁਰ ਰੇਲਵੇ ਸਟੇਸ਼ਨ ਦੇ ਬਾਹਰ 55ਵੇਂ ਦਿਨ ਵੀ ਜਾਰੀ ਰਿਹਾ। ਕਿਸਾਨਾਂ ਵੱਲੋਂ 26 ਤੇ 27 ਨਵੰਬਰ ਨੂੰ ‘ਦਿੱਲੀ ਚੱਲੋ ਪ੍ਰੋਗਰਾਮ’ ਤਹਿਤ ਪਿੰਡਾਂ ’ਚ ਮੀਟਿੰਗਾਂ ਕਰ ਕੇ ਲਾਮਬੰਦੀ ਵੀ ਕੀਤੀ ਜਾ ਰਹੀ ਹੈ।
ਗੜ੍ਹਸ਼ੰਕਰ (ਜੇ ਬੀ ਸੇਖੋਂ): ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਖ਼ਿਲਾਫ਼ ਰਿਲਾਇੰਸ ਮਾਲ ਅੱਗੇ ਕੁੱਲ ਹਿੰਦ ਕਿਸਾਨ ਸਭਾ ਦੇ ਅਹੁਦੇਦਾਰ ਕਾਮਰੇਡ ਦਰਸ਼ਨ ਸਿੰਘ ਮੱਟੂ ਅਤੇ ਕਿਸਾਨ ਸਭਾ ਦੇ ਸਕੱਤਰ ਗੁਰਨੇਕ ਭੱਜਲ ਦੀ ਅਗਵਾਈ ਹੇਠ ਦਿੱਤਾ ਜਾ ਰਿਹਾ ਧਰਨਾ 29ਵੇਂ ਦਿਨ ਵਿੱਚ ਦਾਖ਼ਲ ਹੋ ਗਿਆ। ਤਰਕਸ਼ੀਲ ਆਗੂ ਜੋਗਿੰਦਰ ਸਿੰਘ ਕੁੱਲੇਵਾਲ, ਮਾਸਟਰ ਅਵਤਾਰ ਸਿੰਘ, ਸਤਪਾਲ ਸਲੋਹ ਅਤੇ ਬੀਬੀ ਸੁਭਾਸ਼ ਮੱਟੂ ਨੇ ਸੰਬੋਧਨ ਕੀਤਾ।
ਮਾਨਸਰ (ਪੱਤਰ ਪ੍ਰੇਰਕ): ਕਿਸਾਨ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਜਲੰਧਰ-ਪਠਾਨਕੋਟ ਕੌਮੀ ਮਾਰਗ ’ਤੇ ਸਥਿਤ ਮਾਨਸਰ ਟੌਲ ਪਲਾਜ਼ਾ ਤੇ 43 ਵੇਂ ਦਿਨ ਵੀ ਧਰਨਾ ਜਾਰੀ ਰਿਹਾ। ਦੂਸਰੇ ਪਾਸੇ ਕਿਸਾਨ ਜਥੇਬੰਦੀਆਂ ਵੱਲੋਂ ਕਿਸਾਨਾਂ ਨੂੰ 26 ਦੇ ‘ਦਿੱਲੀ ਚੱਲੋ’ ਮੋਰਚੇ ਤਹਿਤ ਲਾਮਬੰਦ ਕੀਤਾ।
ਆਦਮਪੁਰ ਦੋਆਬਾ (ਹਤਿੰਦਰ ਮਹਿਤਾ): ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਵਿੱਚ ਦਿੱਤੇ ਜਾ ਰਹੇ ਵਿਸ਼ਾਲ ਵਿਰੋਧ ਧਰਨੇ ਦਾ ਆਦਮਪੁਰ ਹਲਕੇ ਦੀਆਂ ਕਿਸਾਨ ਜਥੇਬੰਦੀਆਂ, ਮਜ਼ਦੂਰ ਜਥੇਬੰਦੀਆਂ ਤੇ ਆੜ੍ਹਤੀ ਐਸੋਸੀਏਸ਼ਨਾਂ ਵੱਲੋਂ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ। ਕਿਸਾਨ ਆਗੂ ਬਲਬੀਰ ਸਿੰਘ ਅਟਵਾਲ ਖੁਰਦਪੁਰ, ਚੇਅਰਮੈਨ ਗੁਰਦੀਪ ਸਿੰਘ ਪਰਹਾਰ ਕਾਲਰਾ ਅਤੇ ਸਾਥੀਆਂ ਨੇ ਦੱਸਿਆ ਕਿ ਆਦਮਪੁਰ ਹਲਕੇ ਵਿੱਚੋਂ ਵੀ ਕਿਸਾਨ, ਮਜ਼ਦੂਰ ਅਤੇ ਆੜ੍ਹਤੀ ਧਰਨੇ ਵਿੱਚ ਸ਼ਾਮਲ ਹੋਣਗੇ।
ਗੜ੍ਹਸ਼ੰਕਰ (ਜੋਗਿੰਦਰ ਕੁੱਲੇਵਾਲ): ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਵਿਰੋਧੀ ਕਾਨੂੰਨ ਰੱਦ ਕਰਨ ਦੀ ਮੰਗ ਲਈ ਤਰਕਸ਼ੀਲ ਸੁਸਾਇਟੀ ਪੰਜਾਬ ਅਤੇ ਸਰਪੰਚ-ਪੰਚਾਇਤ ਯੂਨੀਅਨ ਗੜ੍ਹਸ਼ੰਕਰ ਵੱਲੋਂ ਗਾਂਧੀ ਪਾਰਕ ’ਚ ਰੈਲੀ ਕਰਨ ਮਗਰੋਂ ਸ਼ਹਿਰ ’ਚ ਰੋਸ ਮਾਰਚ ਕੀਤਾ। ਇਸ ਮਗਰੋਂ ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਫ਼ੈਸਲੇ ’ਤੇ ਰਿਲਾਇੰਸ ਮਾਲ ਗੜ੍ਹਸ਼ੰਕਰ ਅੱਗੇ ਕੁੱਲ ਹਿੰਦ ਕਿਸਾਨ ਸਭਾ ਵੱਲੋਂ ਰਾਤ-ਦਿਨ 29ਵੇਂ ਦਿਨ ’ਚ ਦਾਖਲ ਹੋਏ ਧਰਨੇ ’ਚ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਬੀਬੀ ਸੁਭਾਸ਼ ਮੱਟੂ ਸੂਬਾਈ ਆਗੂ ਜਨਵਾਦੀ ਇਸਤਰੀ ਸਭਾ ਨੇ ਸਾਰਿਆਂ ਦਾ ਧੰਨਵਾਦ ਕੀਤਾ।
ਕਿਸਾਨਾਂ ਨੇ ਖੱਟਰ ਸਰਕਾਰ ਦਾ ਪੁਤਲਾ ਫੂਕਿਆ
ਜੈਂਤੀਪੁਰ (ਪੱਤਰ ਪ੍ਰੇਰਕ): ਕਿਸਾਨ ਜਥੇਬੰਦੀਆਂ ਦੇ ਸੱਦੇ ’ਤੇ ਅੰਮ੍ਰਿਤਸਰ ਪਠਾਨਕੋਟ ਕੌਮੀ ਸ਼ਾਹਰਾਹ ’ਤੇ ਕੱਥੂਨੰਗਲ ਟੌਲ ਪਲਾਜ਼ਾ ’ਤੇ ਧਰਨਾ 55ਵੇਂ ਦਿਨ ਵੀ ਅਜੀਤ ਸਿੰਘ ਖੋਖਰ ਦੀ ਅਗਵਾਈ ਹੇਠ ਜਾਰੀ ਰਿਹਾ। ਧਰਨੇ ਵਿੱਚ ਸਭ ਤੋਂ ਪਹਿਲਾਂ ਹਰਿਆਣਾ ਪੁਲੀਸ ਦੀ ਧੱਕੇਸ਼ਾਹੀ ਦੀ ਪੁਰਜ਼ੋਰ ਨਿਖੇਧੀ ਕੀਤੀ ਗਈ ਅਤੇ ਖੱਟਰ ਸਰਕਾਰ ਦੀ ਅਰਥੀ ਫੂਕੀ ਗਈ ਅਤੇ 26 ਨਵੰਬਰ ਨੂੰ ਦਿੱਲੀ ਜਾਣ ਲਈ ਕਿਸਾਨਾਂ ਨਾਲ ਮੀਟਿੰਗ ਕੀਤੀ ਗਈ।