ਹਰਜੀਤ ਸਿੰਘ ਪਰਮਾਰ
ਬਟਾਲਾ, 22 ਜੁਲਾਈ
ਵਿਧਾਨ ਸਭਾ ਹਲਕਾ ਬਟਾਲਾ ਦੇ ਵਿਧਾਇਕ ਅਮਨਸ਼ੇਰ ਸਿੰਘ ਕਲਸੀ ਵੱਲੋਂ ਅੱਜ ਸਹਿਕਾਰੀ ਖੰਡ ਮਿੱਲ ਬਟਾਲਾ ਦੇ ਬਹਾਦਰਪੁਰ ਫਾਰਮ ਵਿਚ ਬਾਇਓ-ਸੀਐੱਨਜੀ ਪਲਾਂਟ ਦੀ ਉਸਾਰੀ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ। ਇਹ ਪ੍ਰੋਜੈਕਟ ਅਗਲੇ 8-9 ਮਹੀਨਿਆਂ ਵਿੱਚ ਮੁਕੰਮਲ ਹੋ ਜਾਵੇਗਾ।
ਵਿਧਾਇਕ ਸ਼ੈਰੀ ਕਲਸੀ ਨੇ ਦੱਸਿਆ ਕਿ ਬਟਾਲਾ ਵਿੱਚ ਲੱਗਣ ਵਾਲਾ ਇਹ ਦੇਸ਼ ਦਾ ਪਹਿਲਾ ਪ੍ਰੋਜੈਕਟ ਹੈ ਜਿਸ ਨੂੰ ਐੱਮਈਪੀਐੱਲ ਅਤੇ ਸੀਈਆਈਡੀ ਮੇਰਠ ਵੱਲੋਂ ਲਗਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਪਲਾਂਟ ਰਾਹੀਂ ਪ੍ਰਤੀ ਦਿਨ 100 ਟਨ ਬਾਇਓ-ਸੀ.ਐੱਨ.ਜੀ. ਗੈਸ ਦਾ ਉਦਪਾਦਨ ਕਰੇਗਾ। ਉਨ੍ਹਾਂ ਦੱਸਿਆ ਕਿ ਸਹਿਕਾਰੀ ਖੰਡ ਮਿੱਲ ਬਟਾਲਾ, ਗੁਰਦਾਸਪੁਰ ਤੇ ਅਜਨਾਲਾ ਵੱਲੋਂ ਪੈਦਾ ਕੀਤੀ ਜਾਣ ਵਾਲੀ ਵੇਸਟ ਸਮੱਗਰੀ (ਪ੍ਰੈਸ ਮੱਡ) ਦੀ ਵਰਤੋਂ ਇਸ ਪਲਾਂਟ ’ਚ ਬਾਇਓ-ਸੀਐੱਨਜੀ ਗੈਸ ਪੈਦਾ ਕਰਨ ਲਈ ਕੀਤੀ ਜਾਵੇਗੀ ਅਤੇ ਇਸ ਗੈਸ ਦੀ ਵਰਤੋਂ ਪੈਟਰੋਲ ਤੇ ਡੀਜ਼ਲ ਦੀ ਥਾਂ ਕੀਤੀ ਜਾਵੇਗੀ ਜਿਸ ਨਾਲ ਪ੍ਰਦੂਸ਼ਣ ਘੱਟ ਕਰਨ ਵਿੱਚ ਵੀ ਮਦਦ ਮਿਲੇਗੀ ਅਤੇ ਇਸ ਦੇ ਨਾਲ ਹੀ ਚੰਗੀ ਕਿਸਮ ਦੀ ਖਾਦ ਵੀ ਤਿਆਰ ਹੋਵੇਗੀ। ਵਿਧਾਇਕ ਕਲਸੀ ਨੇ ਦੱਸਿਆ ਕਿ ਇਸ ਪਲਾਂਟ ਦੇ ਲੱਗਣ ਨਾਲ ਇਲਾਕੇ ਦੇ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ ਅਤੇ ਸਹਿਕਾਰੀ ਖੰਡ ਮਿੱਲ ਬਟਾਲਾ ਨੂੰ ਸਲਾਨਾ ਇੱਕ ਕਰੋੜ ਰੁਪਏ ਤੋਂ ਵੱਧ ਦੀ ਆਮਦਨ ਹੋਵੇਗੀ। ਇਸ ਤੋਂ ਇਲਾਵਾ ਸਹਿਕਾਰੀ ਖੰਡ ਮਿੱਲ ਬਟਾਲਾ ਦੀ ਸਮਰੱਥਾ ਵਿੱਚ ਵੀ ਵਾਧਾ ਕੀਤਾ ਜਾ ਰਿਹਾ ਹੈ। ਇਸ ਮੌਕੇ ਸਹਿਕਾਰੀ ਖੰਡ ਮਿੱਲ ਬਟਾਲਾ ਦੇ ਜਨਰਲ ਮੈਨੇਜਰ ਅਰਵਿੰਦਰਪਾਲ ਸਿੰਘ ਕੈਰੋਂ, ਬਟਾਲਾ ਮਿੱਲ ਦੇ ਬੋਰਡ ਆਫ਼ ਡਾਇਰੈਕਟਰਜ਼ ਦੇ ਚੇਅਰਮੈਨ ਸੁਖਵਿੰਦਰ ਸਿੰਘ ਕਾਹਲੋਂ, ਵਾਈਸ ਚੇਅਰਮੈਨ ਬੇਅੰਤ ਸਿੰਘ ਵੜੈਚ, ਗੁਰਬਚਨ ਸਿੰਘ ਬਾਜਵਾ, ਗੁਰਵਿੰਦਰਪਾਲ ਸਿੰਘ ਕਾਹਲੋਂ, ਹਰਿਜੰਦਰ ਸਿੰਘ, ਸ਼ਿਵੰਦਰ ਸਿੰਘ ਰੰਧਾਵਾ, ਬਲਵਿੰਦਰ ਕੌਰ, ਐੱਮਈਪੀਐੱਲ ਅਤੇ ਸੀਈਆਈਡੀ ਮੇਰਠ ਦੇ ਨੁਮਾਇੰਦਿਆਂ ਤੋਂ ਇਲਾਵਾ, ਸਲਵਿੰਦਰ ਸਿੰਘ ਰੰਧਾਵਾ ਸੁਪਰਡੈਂਟ, ਗਗਨਦੀਪ ਸਿੰਘ, ਜਸਪ੍ਰੀਤ ਸਿੰਘ ਜੱਸੀ, ਬਲਜੀਤ ਸਿੰਘ ਤੇ ਨਿੱਕੂ ਹੰਸਪਾਲ ਮੌਜੂਦ ਸਨ।
ਸਟਰੀਟ ਲਾਈਟਾਂ ਲਗਾਉਣ ਵਿੱਚ ਬੇਨਿਯਮੀਆਂ: ਵਿਧਾਇਕ ਸ਼ੈਰੀ ਕਲਸੀ ਵੱਲੋਂ ਰਿਪੋਰਟ ਤਲਬ
ਬਟਾਲਾ (ਦਲਬੀਰ ਸੱਖੋਵਾਲੀਆ): ਵਿਧਾਇਕ ਅਮਨਸ਼ੇਰ ਸਿੰਘ ਕਲਸੀ ਨੇ ਸਨਅਤੀ ਨਗਰ ਬਟਾਲਾ ਵਿੱਚ ਸਟਰੀਟ ਲਾਈਟਾਂ ਦੇ ਮਾਮਲੇ ਵਿੱਚ ਹੋਈਆਂ ਬੇਨਿਯਮੀਆਂ ਦਾ ਪਤਾ ਲਗਾਉਣ ਲਈ ਅਧਿਕਾਰੀਆਂ ਕੋਲੋਂ ਰਿਪੋਰਟ ਮੰਗੀ ਹੈ। ਉਹ ਅੱਜ ਸ਼ਹਿਰ ਦੇ ਮੋਹਤਬਰਾਂ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਸ਼ਹਿਰ ਦੀਆਂ ਸਟਰੀਟ ਲਾਈਟਾਂ ਦਾ ਜਾਇਜ਼ਾ ਲੈ ਰਹੇ ਸਨ। ਇੱਥੋਂ ਦੇ ਸਿਵਲ ਹਸਪਤਾਲ ਰੋਡ ਅਤੇ ਹਜ਼ੀਰਾ ਪਾਰਕ ਵਾਲੀ ਰੋਡ ’ਤੇ ਬਿਨਾਂ ਲਾਈਟਾਂ ਵਾਲੇ ਪੋਲਾਂ ਸਬੰਧੀ ਗੱਲ ਕਰਦਿਆਂ ਵਿਧਾਇਕ ਕਲਸੀ ਨੇ ਦੱਸਿਆ ਕਿ ਪਿਛਲੀਆਂ ਸਰਕਾਰਾਂ ਵੱਲੋਂ ਜਨਤਾ ਦੇ ਪੈਸੇ ਦੀ ਦੁਰਵਰਤੋਂ ਕੀਤੀ ਜਾਂਦੀ ਰਹੀ ਹੈ, ਉਸ ਦੀ ਪ੍ਰਤੱਖ ਉਦਾਹਰਨ ਇੱਥੇ ਦੇਖੀ ਜਾ ਸਕਦੀ ਹੈ। ਮੀਡੀਆ ਨੂੰ ਬਿਨਾਂ ਲਾਈਟਾਂ ਦੇ ਸਟਰੀਟ ਪੋਲ ਦਿਖਾਉਂਦਿਆਂ ਉਨ੍ਹਾਂ ਕਿਹਾ ਕਿ ਬੀਤੇੇ ਸਮੇਂ ਦੌਰਾਨ ਜਦੋਂ ਸਟਰੀਟ ਲਾਈਟ ਦੇ ਬਲਬ ਖਰਾਬ ਹੋ ਜਾਂਦੇ ਸਨ ਤਾਂ ਪਿਛਲੇ ਹੁਕਮਰਾਨਾਂ ਨੇ 400-500 ਰੁਪਏ ’ਚ ਬਦਲਣ ਦੀ ਥਾਂ 15 ਹਜ਼ਾਰ ਰੁਪਏ ਪ੍ਰਤੀ ਪੋਲ ਖਰਚ ਕੇ ਉੱਥੇ ਨਾਲ ਹੀ ਨਵੇਂ ਸਟਰੀਟ ਲਾਈਟ ਦੇ ਪੋਲ ਲਗਾ ਕੇ ਸਰਕਾਰੀ ਪੈਸੇ ਨੂੰ ਲੁਟਾਇਆ।
ਉਨ੍ਹਾਂ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਨ੍ਹਾਂ ਸੜਕਾਂ ’ਤੇ ਵਾਧੂ ਸਟਰੀਟ ਲਾਈਟਾਂ ਦੇ ਪੋਲਾਂ ਨੂੰ ਪੁੱਟ ਕੇ ਸ਼ਹਿਰ ਦੇ ਹੋਰਨਾਂ ਹਿੱਸਿਆਂ ਵਿੱਚ ਲਾਇਆ ਜਾਵੇ, ਜਿੱਥੇ ਸਟਰੀਟ ਲਾਈਟਾਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਾਰੇ ਸ਼ਹਿਰ ਦੀਆਂ ਲਾਈਟਾਂ ਦਾ ਵਿਸ਼ੇਸ਼ ਸਰਵੇਖਣ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਵਿਆਹ ਪੁਰਬ ਤੋਂ ਪਹਿਲਾਂ ਹਰ ਹਾਲਤ ਵਿੱਚ ਸ਼ਹਿਰ ਨੂੰ ਹਨੇਰੇ ’ਚੋਂ ਬਾਹਰ ਕੱਢਿਆ ਜਾਵੇ।