ਪੱਤਰ ਪ੍ਰੇਰਕ
ਜੰਡਿਆਲਾ ਗੁਰੂ, 14 ਅਕਤੂਬਰ
ਇੱਥੋਂ ਦੇ ਸੀਨੀਅਰ ਕਾਂਗਰਸੀ ਕੌਂਸਲਰ ਤੇ ਸਥਾਨਕ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਐਡਵੋਕੇਟ ਰਾਜ ਕੁਮਾਰ ਮਲਹੋਤਰਾ ਨੂੰ ਹਲਕਾ ਵਿਧਾਇਕ ਵੱਲੋਂ ਕਾਂਗਰਸ ਪਾਰਟੀ ਵਿੱਚੋਂ ਛੇ ਸਾਲ ਲਈ ਕੱਢਣ ਦਾ ਮਾਮਲਾ ਭਖ਼ਦਾ ਜਾ ਰਿਹਾ ਹੈ। ਇਸ ਬਾਰੇ ਅੱਜ ਇੱਥੇ ਪ੍ਰੈੱਸ ਕਾਨਫ਼ਰੰਸ ਦੌਰਾਨ ਸਾਬਕਾ ਨਗਰ ਕੌਂਸਲ ਪ੍ਰਧਾਨ ਐਡਵੋਕੇਟ ਰਾਜ ਕੁਮਾਰ ਮਲਹੋਤਰਾ ਨੇ ਕਿਹਾ ਬੀਤੇ ਦਿਨ ਉਨ੍ਹਾਂ ਨੂੰ ਸੋਸ਼ਲ ਮੀਡੀਆ ਤੋਂ ਪਤਾ ਲੱਗਿਆ ਕਿ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਨੇ ਉਨ੍ਹਾਂ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਕਰਨ ’ਤੇ ਕਾਂਗਰਸ ਵਿੱਚੋਂ ਛੇ ਸਾਲ ਲਈ ਕੱਢ ਦਿੱਤਾ ਹੈ। ਐਡਵੋਕੇਟ ਮਲਹੋਤਰਾ ਨੇ ਕਿਹਾ ਵਿਧਾਇਕ ਸਿਰਫ ਉਨ੍ਹਾਂ ਦੀ ਸ਼ਿਕਾਇਤ ਪਾਰਟੀ ਹਾਈ ਕਮਾਨ ਨੂੰ ਕਰ ਸਕਦੇ ਹਨ।
ਕਾਂਗਰਸੀ ਵਰਕਰਾਂ ਨੇ ਪਾਸ ਕੀਤਾ ਮਤਾ: ਵਿਧਾਇਕ
ਹਲਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਨੇ ਕਿਹਾ ਜੰਡਿਆਲਾ ਗੁਰੂ ਦੇ ਕਾਂਗਰਸੀ ਵਰਕਰਾਂ ਨੇ ਇਹ ਮਤਾ ਪਾਸ ਕੀਤਾ ਕਿ ਇਨ੍ਹਾਂ ਦੀਆਂ ਗਤੀਵਿਧੀਆਂ ਪਾਰਟੀ ਖ਼ਿਲਾਫ਼ ਚੱਲ ਰਹੀਆਂ ਹਨ, ਜਿਸ ਲਈ ਮਲਹੋਤਰਾ ਨੂੰ ਪਾਰਟੀ ਵਿੱਚੋਂ ਛੇ ਸਾਲ ਲਈ ਬਾਹਰ ਕੀਤਾ ਗਿਆ ਹੈ।