ਗੁਰਬਖਸ਼ਪੁਰੀ
ਤਰਨ ਤਾਰਨ, 26 ਮਈ
ਹਲਕਾ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਵਲੋਂ ਅੱਜ ਇਥੇ ਤਹਿਸੀਲ ਅਤੇ ਪਟਵਾਰੀਆਂ ਦੇ ਦਫ਼ਤਰਾਂ ਦੀ ਕੀਤੀ ਅਚਨਚੇਤੀ ਚੈਕਿੰਗ ਮੌਕੇ ਸਥਿਤੀ ਉਸ ਵੇਲੇ ਕਸੂਤੀ ਬਣ ਗਈ ਜਦੋਂ ਲੋਕਾਂ ਨੇ ਇਕ ਪਟਵਾਰੀ ਖ਼ਿਲਾਫ਼ ਰਿਸ਼ਵਤ ਲੈਣ ਦੇ ਦੋਸ਼ ਲਗਾਏ| ਵਿਧਾਇਕ ਡਾ. ਸੋਹਲ ਨੇ ਉਨ੍ਹਾਂ ਨਾਲ ਆਏ ਐੱਸਡੀਐੱਮ ਰਜਨੀਸ਼ ਅਰੋੜਾ ਨੂੰ ਮਾਮਲੇ ਦੀ ਜਾਂਚ ਕਰਨ ਦੇ ਹੁਕਮ ਦਿੱਤੇ| ਸਬੰਧਤ ਪਟਵਾਰੀ ਮੌਕੇ ’ਤੇ ਹਾਜ਼ਰ ਨਹੀਂ ਸੀ| ਚੈਕਿੰਗ ਮੌਕੇ ਤਹਿਸੀਲ ਦੇ ਇਕ ਕਰਮਚਾਰੀ ਨੂੰ ਗੈਰਹਾਜ਼ਰ ਪਾਇਆ ਗਿਆ| ਉਨ੍ਹਾਂ ਗੈਰਹਾਜ਼ਰ ਕਰਮਚਾਰੀ ਖ਼ਿਲਾਫ਼ ਵੀ ਐੱਸਡੀਐੱਮ ਨੂੰ ਵਿਭਾਗੀ ਕਾਰਵਾਈ ਕਰਨ ਦੇ ਹੁਕਮ ਦਿੱਤੇ| ਇਸ ਮੌਕੇ ਵਿਧਾਇਕ ਨੇ ਲੋਕਾਂ ਦੀਆਂ ਸ਼ਿਕਾਇਤਾਂ ਵੀ ਸੁਣੀਆਂ| ਡਾ. ਸੋਹਲ ਨੇ ਦੱਸਿਆ ਕਿ ਉਨ੍ਹਾਂ ਨੂੰ ਤਹਿਸੀਲ ਦਫ਼ਤਰ ਵਿੱਚ ਕੰਮ ਕਰਾਉਣ ਵਾਲੇ ਲੋਕਾਂ ਨੂੰ ਪੇਸ਼ ਆ ਰਹੀਆਂ ਪ੍ਰੇਸ਼ਾਨੀਆਂ ਬਾਰੇ ਸ਼ਿਕਾਇਤਾਂ ਮਿਲ ਰਹੀਆਂ ਸਨ| ਵਿਧਾਇਕ ਨੇ ਤਹਿਸੀਲ ਵਿੱਚ ਜਨਵਰੀ, 2022 ਤੋਂ ਹੁਣ ਤੱਕ ਦਰਜ ਰਜਿਸਟਰੀਆਂ ਦਾ ਰਿਕਾਰਡ ਪੇਸ਼ ਕਰਨ ਲਈ ਆਦੇਸ਼ ਜਾਰੀ ਕੀਤੇ ਹਨ। ਡਾ. ਸੋਹਲ ਨੇ ਕਿਹਾ ਕਿ ਸੂਬਾ ਸਰਕਾਰ ਭ੍ਰਿਸ਼ਟਾਚਾਰ ਪੂਰੀ ਤਰ੍ਹਾਂ ਨਾਲ ਖਤਮ ਕਰਨ ਲਈ ਵਚਨਬੱਧ ਹੈ|