ਗੁਰਬਖਸ਼ਪੁਰੀ
ਤਰਨ ਤਾਰਨ, 18 ਅਗਸਤ
ਹਾਕਮ ਧਿਰ ਕਾਂਗਰਸ ਪਾਰਟੀ ਦੇ ਖੇਮਕਰਨ ਤੋਂ ਵਿਧਾਇਕ ਸੁੱਖਪਾਲ ਸਿੰਘ ਭੁੱਲਰ ਨੇ ਆਪਣੀ ਹੀ ਸੂਬਾ ਸਰਕਾਰ ਖਿਲਾਫ਼ ਸਿੱਧੇ ਤੌਰ ’ਤੇ ਮੋਰਚਾ ਖੋਲ੍ਹਦਿਆਂ ਜ਼ਿਲ੍ਹੇ ਦੇ ਸਰਕਾਰੀ ਅਧਿਕਾਰੀਆਂ ਅਤੇ ਖਾਸ ਕਰਕੇ ਐੱਸਐੱਸਪੀ ਧਰੁਮਨ ਐੱਚ ਨਿੰਬਾਲੇ ਖਿਲਾਫ਼ ਅਨੇਕਾਂ ਕਿਸਮ ਦੇ ਗੰਭੀਰ ਦੋਸ਼ ਲਗਾਉਂਦਿਆਂ ਉਸ ਨੂੰ ਇਸ ਅਹੁਦੇ ਦੇ ਅਯੋਗ ਆਖਿਆ ਹੈ|
ਸੁਖਪਾਲ ਸਿੰਘ ਭੁੱਲਰ ਨੇ ਇਸ ਸਬੰਧੀ ਅੱਜ ਇਕ ਪ੍ਰੈੱਸਕਾਨਫਰੰਸ ਸਰਹੱਦੀ ਖੇਤਰ ਦੇ ਕਸਬਾ ਭਿੱਖੀਵਿੰਡ ਵਿੱਚ ਕਰਕੇ ਸੂਬੇ ਅੰਦਰ ਅਮਨ-ਕਾਨੂੰਨ ਦੀ ਅਤਿ ਮੰਦੀ ਹਾਲਤ ਹੋਣ ਤੇ ਚਿੰਤਾ ਜ਼ਾਹਰ ਕੀਤੀ| ਉਨ੍ਹਾਂ ਐੱਸਐੱਸਪੀ ਧਰੁਮਨ ਐੱਚ ਨਿੰਬਲੇ ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਅਸਲਾ ਲਾਇਸੰਸ ਬਣਵਾਉਣ ਵਾਲਿਆਂ ਨੂੰ ਆਪਣੇ ਘਰਾਂ ਤੋਂ ਇਲਾਵਾ ਪਿੰਡਾਂ-ਕਸਬਿਆਂ ਆਦਿ ਦੇ ਚੌਰਾਹਿਆਂ ’ਤੇ ਸੀਸੀਟੀਵੀ ਲੱਗਵਾਉਣ ਲਈ ਆਖਣਾ ਇੱਕ ਤਰ੍ਹਾਂ ਨਾਲ ਰਿਸ਼ਵਤ ਲੈਣ ਦੇ ਬਰਾਬਰ ਹੈ| ਇਸ ਸਭ ਕੁੱਝ ਬਾਰੇ ਐੱਸਐੱਸਪੀ ਨੇ ਕੁੱਝ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਉਹ ਸਿਰਫ ਆਪਣਾ ਕੰਮ ਕਰਦੇ ਹਨ| ਵਿਧਾਇਕ ਨੇ ਐੱਸਐੱਸ ਪੀ ਵੱਲੋਂ ਅਸਲਾ ਲਾਈਸੈਂਸ ਜਾਰੀ ਕਰਵਾਉਣ ਵਾਲੇ 138 ਬਿਨੇਕਾਰਾਂ ਦੀਆਂ ਅਰਜ਼ੀਆਂ ਤੇ ‘ਅਸਵੀਕਾਰ’ ਲਿਖੇ ਜਾਣ ਨੂੰ ਲੋਕਾਂ ਦੇ ਹਜ਼ਾਰਾਂ ਰੁਪਏ ਖਰਚੇ ਜਾਣ ਨੂੰ ਬਰਬਾਦ ਕਰਨਾ ਕਿਹਾ| ਉਨ੍ਹਾਂ ਨੇ ਸੂਬੇ ਦੀ ਅਮਨ ਕਾਨੂੰਨ ਦੀ ਵਿਵਸਥਾ ਉੱਤੇ ਵੀ ਸਵਾਲ ਚੁੱਕੇ।
ਥਾਣਾ ਮੁਖੀਆਂ ਅਤੇ ਚੌਕੀ ਇੰਚਾਰਜਾਂ ਦੇ ਡੋਪ ਟੈਸਟ ਦੀ ਮੰਗ
ਭਿੱਖੀਵਿੰਡ(ਨਰਿੰਦਰ ਸਿੰਘ): ਜ਼ਿਲ੍ਹਾ ਤਰਨਤਾਰਨ ਦੇ ਖੇਮਕਰਨ ਹਲਕੇ ਤੋ ਕਾਂਗਰਸੀ ਵਿਧਾਇਕ ਸੁੱਖਪਾਲ ਸਿੰਘ ਭੁੱਲਰ ਨੇ ਅੱਜ ਆਪਣੀ ਦੇ ਸਰਕਾਰ ਤੇ ਸਵਾਲ ਚੁੱਕਦੇ ਕਿਹਾ ਕਿ ਬੀਤੇ ਐਤਵਾਰ ਨੂੰ ਪਿੰਡ ਭਾਈ ਲੱਧੂ ਵਿਖੇ ਗੋਲੀ ਚੱਲਣ ਦੀ ਘਟਨਾ ਵਾਪਰੀ ਸੀ ਪਰ ਐੱਸਐਚਓ ਜਸਵਿੰਦਰ ਸਿੰਘ ਬਰਾੜ ਨੂੰ ਇਹ ਤੱਕ ਪਤਾ ਨਹੀਂ ਕਿ ਇਹ ਪਿੰਡ ਉਨ੍ਹਾਂ ਦੇ ਹਦੂਦ ਅੰਦਰ ਹੈ। ਉਨ੍ਹਾਂ ਬੀਤੇ ਕੁੱਝ ਮਹੀਨੇ ਪਹਿਲਾਂ ਭਿੱਖੀਵਿੰਡ ਵਿਚ ਕਾਮਰੇਡ ਬਲਵਿੰਦਰ ਸਿੰਘ ਦੇ ਹੋਏ ਕਤਲ ਮਾਮਲੇ ਤੇ ਵੀ ਸਵਾਲ ਚੁੱਕੇ। ਉਨ੍ਹਾਂ ਜ਼ਿਲ੍ਹੇ ਦੇ ਐੱਸਐੱਸਪੀ ਧਰੁਮਨ ਐੱਚ ਨਿੰਬਲੇ ਬਾਰੇ ਕਿਹਾ ਕਿ ਪਤਾ ਨਹੀਂ ਕਿਹੜੇ ਸੂਬੇ ਵਿਚੋਂ ਲਿਆਕੇ ਇਸਨੂੰ ਇੱਥੇ ਲਗਾਇਆ ਗਿਆ ਜਿਸਨੂੰ ਪੰਜਾਬ ਬਾਰੇ ਕੁਝ ਪਤਾ ਨਹੀਂ ਨਾਲ ਉਨ੍ਹਾਂ ਕਿਹਾ ਤਰਨਤਾਰਨ ਜ਼ਿਲ੍ਹੇ 16 ਥਾਣਿਆਂ ਅਤੇ 17 ਪੁਲੀਸ ਚੌਕੀਆਂ ਵਿਚ ਲੱਗੇ ਥਾਣਾ ਮੁਖੀਆਂ ਅਤੇ ਚੌਂਕੀ ਇੰਚਾਰਜਾਂ ਦੇ ਡੋਪ ਟੈਸਟ ਕਰਵਾਏ ਜਾਣ ਕਿ ਇਹ ਅਫ਼ਸਰ ਡਿਊਟੀ ਦੇ ਲਾਇਕ ਵੀ ਹਨ ਜਾਂ ਨਹੀਂ।