ਪੱਤਰ ਪ੍ਰੇਰਕ
ਪਠਾਨਕੋਟ, 24 ਜੂਨ
ਘਰ ਤੋਂ ਪੇਪਰ ਦੇਣ ਕਾਲਜ ਗਈ ਲੜਕੀ ਦੇ ਘਰ ਵਾਪਸ ਨਾ ਪਰਤਣ ’ਤੇ ਪੁਲੀਸ ਨੇ ਇੱਕ ਅਣਪਛਾਤੇ ਨੌਜਵਾਨ ਖਿਲਾਫ ਅਗਵਾ ਕਰਨ ਦਾ ਕੇਸ ਦਰਜ ਕੀਤਾ ਹੈ। ਲੜਕੀ ਦੀ ਮਾਂ ਨੇ ਇਸ ਸਬੰਧੀ ਪੁਲੀਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ। ਪੁਲੀਸ ਨੂੰ ਦਰਜ ਕਰਵਾਈ ਸ਼ਿਕਾਇਤ ਵਿੱਚ ਮੁਹੱਲਾ ਭਦਰੋਆ ਦੀ ਰਹਿਣ ਵਾਲੀ ਨਿਸ਼ਾ ਸ਼ਰਮਾ ਨੇ ਦੱਸਿਆ ਕਿ ਉਸ ਦੀ ਲੜਕੀ ਘਰੋਂ ਕਾਲਜ ਵਿੱਚ ਪੇਪਰ ਦੇਣ ਲਈ ਗਈ ਸੀ ਪਰ ਉਹ ਨਾ ਤਾਂ ਕਾਲਜ ਵਿੱਚ ਪੇਪਰ ਦੇਣ ਪੁੱਜੀ ਅਤੇ ਨਾ ਹੀ ਘਰ ਵਾਪਸ ਆਈ। ਉਸ ਨੇ ਆਪਣੇ ਤੌਰ ’ਤੇ ਕਾਲਜ ਜਾ ਕੇ ਪਤਾ ਕੀਤਾ ਅਤੇ ਬੇਟੀ ਦੇ ਘਰ ਨਾ ਪੁੱਜਣ ’ਤੇ ਰਿਸ਼ਤੇਦਾਰਾਂ ਕੋਲੋਂ ਵੀ ਪਤਾ ਕੀਤਾ ਪਰ ਉਸ ਦਾ ਕੋਈ ਅਤਾ-ਪਤਾ ਨਹੀਂ ਲੱਗ ਸਕਿਆ। ਉਸ ਨੂੰ ਪੂਰਾ ਯਕੀਨ ਹੈ ਕਿ ਉਸ ਦੀ ਲੜਕੀ ਨੂੰ ਕੋਈ ਅਣਪਛਾਤਾ ਨੌਜਵਾਨ ਵਿਆਹ ਕਰਵਾਉਣ ਦੀ ਨੀਅਤ ਨਾਲ ਵਰਗਲਾ ਕੇ ਲੈ ਗਿਆ ਹੈ। ਥਾਣਾ ਡਵੀਜ਼ਨ ਨੰਬਰ 1 ਦੀ ਪੁਲੀਸ ਨੇ ਸ਼ਿਕਾਇਤ ਮਿਲਣ ਤੇ ਅਣਪਛਾਤੇ ਨੌਜਵਾਨ ਖਿਲਾਫ ਕੇਸ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ।