ਐੱਨ.ਪੀ. ਧਵਨ
ਪਠਾਨਕੋਟ, 23 ਅਪਰੈਲ
ਨਰੋਟ ਜੈਮਲ ਸਿੰਘ ਦੇ ਕੀੜੀ ਵਿੱਚ ਰਾਵੀ ਦਰਿਆ ’ਤੇ 90 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ ਜਾਣ ਵਾਲੇ ਪੁਲ ਵਾਲੀ ਜਗ੍ਹਾ ਦਾ ਜਾਇਜ਼ਾ ਲੈਣ ਲਈ ਅੱਜ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਮੌਕੇ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਪੀਡਬਲਿਊਡੀ ਦੇ ਅਧਿਕਾਰੀ ਵੀ ਮੌਜੂਦ ਸਨ।
ਪੀਡਬਲਿਊਡੀ ਵਿਭਾਗ ਦੇ ਅਧਿਕਾਰੀਆਂ ਨੇ ਮੰਤਰੀ ਨੂੰ ਦਰਿਆ ਵਿੱਚ ਤਿੰਨ-ਚਾਰ ਥਾਵਾਂ ਦਿਖਾਈਆਂ ਜਿੱਥੇ ਪੁਲ ਉਸਾਰਿਆ ਜਾ ਸਕਦਾ ਹੈ। ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਇਨ੍ਹਾਂ ਥਾਵਾਂ ਦੀ ਤਕਨੀਕੀ ਤੌਰ ’ਤੇ ਸਟੱਡੀ ਕਰਵਾਈ ਜਾਵੇ ਕਿ ਕਿਹੜੀ ਜਗ੍ਹਾ ’ਤੇ ਪੁਲ ਬਣਾਉਣ ਨਾਲ ਲਾਗਤ ਘੱਟ ਤੋਂ ਘੱਟ ਆਵੇਗੀ। ਇਸ ਕੰਮ ਲਈ ਉਨ੍ਹਾਂ ਅਧਿਕਾਰੀਆਂ ਨੂੰ ਦੋ ਮਹੀਨੇ ਦਾ ਸਮਾਂ ਦਿੱਤਾ ਤਾਂ ਜੋ ਬਾਅਦ ਵਿੱਚ ਕੰਮ ਦੇ ਨਿਰਮਾਣ ਲਈ ਟੈਂਡਰ ਲਗਾਏ ਜਾ ਸਕਣ।
ਪੀਡਬਲਿਊਡੀ ਦੇ ਐਕਸੀਅਨ ਰਾਜੀਵ ਕੁਮਾਰ ਨੇ ਦੱਸਿਆ ਕਿ ਰਾਵੀ ਦਰਿਆ ਦੇ ਕੀੜੀ ਅਤੇ ਮਕੌੜਾ ਪੱਤਣਾਂ ’ਤੇ ਦੋ ਪੁਲ ਉਸਾਰੇ ਜਾਣੇ ਹਨ, ਇਸ ਕਰਕੇ ਇਨ੍ਹਾਂ ਦੀ ਸਟੱਡੀ ਕਰ ਕੇ ਵਿਸਥਾਰ ’ਚ ਪ੍ਰਾਜੈਕਟ ਰਿਪੋਰਟ ਤਿਆਰ ਕੀਤੀ ਜਾਵੇਗੀ। ਵਿਭਾਗ ਦੇ ਮੁੱਖ ਇੰਜਨੀਅਰ ਵੱਲੋਂ ਦੋਹਾਂ ਪੁਲਾਂ ਦੀ ਉਸਾਰੀ ਲਈ ਥਾਵਾਂ ਬਾਰੇ ਅੰਤਿਮ ਫ਼ੈਸਲਾ ਲਿਆ ਜਾਵੇਗਾ। ਇਹ ਸਾਰੀ ਪ੍ਰਕਿਰਿਆ ਦੋ ਮਹੀਨਿਆਂ ਵਿੱਚ ਮੁਕੰਮਲ ਕਰ ਲਈ ਜਾਵੇਗੀ।
ਇਸ ਮੌਕੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਇਨ੍ਹਾਂ ਦੋਹਾਂ ਪੁਲਾਂ ਦੇ ਨਿਰਮਾਣ ਨਾਲ ਰਾਵੀ ਦਰਿਆ ਤੋਂ ਪਾਰ ਰਹਿੰਦੇ ਲੋਕਾਂ ਨੂੰ ਰਾਹਤ ਮਿਲੇਗੀ। ਇਨ੍ਹਾਂ ਲੋਕਾਂ ਦੀ ਬਹੁਤ ਲੰਬੇ ਸਮੇਂ ਤੋਂ ਮੰਗ ਸੀ ਕਿ ਖੇਤਰ ਅੰਦਰ ਪੁਲਾਂ ਦਾ ਨਿਰਮਾਣ ਕਰਵਾਇਆ ਜਾਵੇ ਤਾਂ ਜੋ ਰਾਵੀ ਦਰਿਆ ਤੋਂ ਪਾਰ ਰਹਿੰਦੇ ਲੋਕਾਂ ਦਾ ਜੀਵਨ ਹੋਰ ਸੁਖਾਲਾ ਹੋ ਸਕੇ।
ਉਨ੍ਹਾਂ ਕਿਹਾ ਕਿ ਕੀੜੀ ਪੁਲ ਦੇ ਨਿਰਮਾਣ ’ਤੇ 90 ਕਰੋੜ ਰੁਪਏ ਖਰਚ ਆਉਣਗੇ ਤੇ ਇਹ ਪੁਲ 800 ਮੀਟਰ ਲੰਬਾ ਹੋਵੇਗਾ ਜਦ ਕਿ ਮਕੌੜਾ ਪੱਤਣ ’ਤੇ ਪੁਲ ਦੇ ਨਿਰਮਾਣ ਕਾਰਜ ’ਤੇ 100 ਕਰੋੜ ਰੁਪਏ ਦੀ ਲਾਗਤ ਆਵੇਗੀ।