ਐੱਨਪੀ ਧਵਨ
ਪਠਾਨਕੋਟ, 26 ਅਕਤੂਬਰ
ਭੋਆ ਹਲਕੇ ਦੇ ਘਰੋਟਾ ਬਲਾਕ ਦੇ 26 ਪਿੰਡਾਂ ਦੀਆਂ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ 66 ਲੱਖ 89 ਹਜ਼ਾਰ ਰੁਪਏ ਦੀਆਂ ਗਰਾਂਟਾਂ ਜਾਰੀ ਕੀਤੀਆਂ ਗਈਆਂ। ਗਰਾਂਟਾਂ ਵੰਡਣ ਦਾ ਇਹ ਸਮਾਗਮ ਪਿੰਡ ਕਟਾਰੂਚੱਕ ’ਚ ਕਰਵਾਇਆ ਗਿਆ, ਜਿੱਥੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਪਿੰਡਾਂ ਦੀਆਂ ਗਲੀਆਂ, ਨਾਲੀਆਂ, ਪੀਣ ਵਾਲੇ ਪਾਣੀ ਦੀਆਂ ਪਾਈਪਾਂ, ਧਰਮਸ਼ਾਲਾਵਾਂ ਅਤੇ ਕਮਿਊਨਿਟੀ ਹਾਲਾਂ ਦੀ ਉਸਾਰੀ ਲਈ ਗਰਾਂਟਾਂ ਦਿੱਤੀਆਂ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਉਹ ਪਿੰਡ ਹਨ, ਜਿਨ੍ਹਾਂ ਨੂੰ ਪਿਛਲੀਆਂ ਸਰਕਾਰਾਂ ਵੱਲੋਂ ਪੱਛੜਿਆ ਸਮਝ ਕੇ ਛੱਡ ਦਿੱਤਾ ਜਾਂਦਾ ਸੀ, ਹੁਣ ਇਹੀ ਪਿੰਡ ਮਾਝੇ ਦਾ ਸ਼ਿੰਗਾਰ ਬਣਨਗੇ। ਉਨ੍ਹਾਂ ਸਪੱਸ਼ਟ ਕੀਤਾ ਕਿ ਕਿਸੇ ਵੀ ਪਿੰਡ ਨਾਲ ਰਾਜਨੀਤਿਕ ਭੇਦਭਾਵ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਖੁਦ ਕਟਾਰੂਚੱਕ ਪਿੰਡ ਦੇ ਕਈ ਸਾਲ ਸਰਪੰਚ ਰਹੇ ਹਨ, ਇਸ ਕਰਕੇ ਉਨ੍ਹਾਂ ਨੂੰ ਸਰਪੰਚ ਦੀਆਂ ਸਮੱਸਿਆਵਾਂ ਬਾਰੇ ਬਾਖੂਬੀ ਜਾਣਕਾਰੀ ਹੈ ਤੇ ਉਹ ਹਰੇਕ ਸਰਪੰਚ ਦੀ ਸਮੱਸਿਆ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨਗੇ। ਉਨ੍ਹਾਂ ਪੰਚਾਇਤੀ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਗਰਾਂਟਾਂ ਦਾ ਇੱਕ-ਇੱਕ ਪੈਸਾ ਇਮਾਨਦਾਰੀ ਨਾਲ ਖਰਚਿਆ ਜਾਵੇ ਅਤੇ ਕੋਈ ਵੀ ਕੰਮ ਗੈਰ-ਮਿਆਰੀ ਨਾ ਕਰਵਾਇਆ ਜਾਵੇ। ਇਸ ਮੌਕੇ ਇੰਜਨੀਅਰ ਲਖਬੀਰ ਸਿੰਘ, ਰੋਬਿਨ ਸਿੰਘ, ਵਿਜੈ ਕਟਾਰੂਚੱਕ, ਪੰਚਾਇਤ ਮੈਂਬਰ ਸੰਤੋਸ਼ ਕੁਮਾਰੀ, ਸਰਪੰਚ ਰਮੇਸ਼ ਲਾਲ ਆਦਿ ਹਾਜ਼ਰ ਸਨ।