ਪੱਤਰ ਪ੍ਰੇਰਕ
ਫਤਿਹਗੜ੍ਹ ਚੂੜੀਆਂ, 10 ਅਕਤੂਬਰ
ਪਾਵਰ ਤੇ ਪੀ.ਡਬਲਿਓ.ਡੀ ਮੰਤਰੀ ਹਰਭਜਨ ਸਿੰਘ ਈ.ਟੀ.ਓ. ਵੱਲੋਂ 4.66 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ ਗਏ 66. ਕੇ.ਵੀ ਸਬ ਸਟੇਸ਼ਨ ਠੱਠਾ ਫਤਹਿਗੜ੍ਹ ਚੂੜੀਆਂ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਕਿਹਾ ਕਿ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਹਰ ਵਰਗ ਲਈ ਸਰਬਪੱਖੀ ਵਿਕਾਸ ਕਾਰਜ ਕੀਤੇ ਜਾ ਰਹੇ ਹਨ ਤੇ ਲੋਕਾਂ ਨਾਲ ਕੀਤੇ ਵਾਆਦਿਆਂ ਨੂੰ ਪੂਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਵੱਲੋਂ ਲੋਕਾਂ ਨਾਲ ਕੀਤੇ ਵਾਅਦੇ ਨੂੰ ਪੂਰਾ ਕਰਦਿਆਂ 600 ਯੂਨਿਟ ਬਿਜਲੀ ਹਰ ਘਰ ਨੂੰ ਮੁਫ਼ਤ ਦਿੱਤੀ ਗਈ ਹੈ ਤੇ 50 ਲੱਖ ਘਰਾਂ ਦਾ ਬਿੱਲ ਜ਼ੀਰੋ ਆਇਆ ਹੈ। 66 ਕੇ.ਵੀ ਸਬ ਸਟੇਸ਼ਨ ਠੱਠਾ ਲੋਕਾਂ ਨੂੰ ਸਮਰਪਿਤ ਕਰਦਿਆਂ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਕਿਹਾ ਕਿ ਲੋਕਾਂ ਦੀ ਚਿਰੋਕਣੀ ਮੰਗ ਪੂਰੀ ਹੋਈ ਹੈ। ਉਨ੍ਹਾਂ ਪਿੰਡ ਦੀ ਪੰਚਾਇਤ ਵੱਲੋਂ ਸਬ ਸਟੇਸ਼ਨ ਲਈ ਮੁਹੱਈਆ ਕਰਵਾਈ ਗਈ ਡੇਢ ਏਕੜ ਜਮੀਨ ਦੇਣ ’ਤੇ ਧੰਨਵਾਦ ਕਰਦਿਆਂ ਕਿਹਾ ਕਿ ਇਸ ਦੇ ਚਾਲੂ ਹੋਣ ਨਾਲ ਵਿਧਾਨ ਸਭਾ ਹਲਕਾ ਫਤਿਹਗੜ੍ਹ ਚੂੜੀਆਂ ਦੇ ਪਿੰਡ ਠੱਠਾ ਦੇ ਦੁਆਲੇ ਦੇ 11 ਪਿੰਡਾਂ ਨੂੰ ਲਾਭ ਪ੍ਰਾਪਤ ਹੋਵੇਗਾ, ਜਿਨ੍ਹਾਂ ਵਿੱਚ ਠੱਠਾ, ਚਿਤੌੜਗੜ, ਪਿੰਡੀ, ਮਾਨਸੈਂਡਵਾਲ, ਬੇਰੀਆਂਵਾਲਾ, ਖੋਖਰ, ਸੇਖਵਾਂ, ਟੱਪਰੀਆਂ, ਕਿਲਾ ਦੇਸਾ ਸਿੰਘ, ਮੁਰੀਦਕੇ ਤੇ ਲੋਧੀਨੰਗਲ ਸ਼ਾਮਲ ਹਨ। ਇਸ ਤੋਂ ਇਲਾਵਾ 8 ਪਿੰਡਾਂ ਜਿਨ੍ਹਾਂ ’ਚ ਭਾਲੋਵਾਲੀ, ਖਹਿਰਾ ਕਲਾਂ, ਖਹਿਰਾ ਖੁਰਦ, ਮਜਿੰਆਂ ਵਾਲੀ, ਫਤਿਹਗੜ ਚੂੜੀਆਂ, ਡੋਗਰ, ਟਾਹਲੀ ਖੂਸਰ ਤੇ ਝੰਜੀਆਂ ਆਦਿ ਸ਼ਾਮਲ ਹਨ, ਨੂੰ ਅਸਿੱਧੇ ਤੌਰ ਤੇ ਫਾਇਦਾ ਹੋਵੇਗਾ। ਸੂਬੇ ਅੰਦਰ ਲੋਕਾਂ ਦੀ ਆਵਾਜਾਈ ਲਈ ਹੋਰ ਬੇਹਤਰ ਸਹੂਲਤਾਂ ਦੀ ਗੱਲ ਕਰਦਿਆਂ ਉਨ੍ਹਾਂ ਦੱਸਿਆਂ ਕਿ ਸੂਬੇ ਅੰਦਰ 10,000 ਕਿਲੋਮੀਟਰ ਸੜਕਾਂ ਦੀ ਰਿਪੇਅਰ ਦਾ ਕੰਮ ਚੱਲ ਰਿਹਾ ਹੈ ਤੇ ਕੁਝ ਨਵੀਆਂ ਸੜਕਾਂ ਦੀ ਉਸਾਰੀ ਕੀਤੀ ਜਾ ਰਹੀ ਹੈ। ਇਸ ਮੌਕੇ ਬਲਾਕ ਪ੍ਰਧਾਨ ਆਪ ਪਾਰਟੀ ਲਵਪ੍ਰੀਤ ਸਿੰਘ ਨੇ ਕੈਬਨਿਟ ਮੰਤਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਚੇਅਰਮੈਨ ਬਲਬੀਰ ਸਿੰਘ ਪੰਨੂ ਹਲਕਾ ਇੰਚਾਰਜ ਫਤਹਿਗੜ੍ਹ ਚੂੜੀਆਂ ਵੱਲੋਂ ਲੋਕ ਹਿੱਤ ਲਈ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ।