ਪੱਤਰ ਪ੍ਰੇਰਕ
ਦੀਨਾਨਗਰ, 7 ਅਗਸਤ
ਬੱਚਿਆਂ ਨੂੰ ਵਧੀਆ ਮਾਹੌਲ ’ਚ ਸਿੱਖਿਆ ਪ੍ਰਦਾਨ ਕਰਨ ਦੇ ਉਦੇਸ਼ ਨਾਲ ਵੱਖ-ਵੱਖ ਸਰਕਾਰੀ ਸਕੂਲਾਂ ’ਚ ਬਣਾਏ ਗਏ ਵਾਧੂ ਜਮਾਤ ਕਮਰਿਆਂ ਦਾ ਅੱਜ ਕੈਬਨਿਟ ਮੰਤਰੀ ਅਰੁਨਾ ਚੌਧਰੀ ਵੱਲੋਂ ਉਦਘਾਟਨ ਕੀਤਾ ਗਿਆ। ਉਨ੍ਹਾਂ ਪਿੰਡ ਸ਼ਾਲਾ, ਗੁੰਝੀਆਂ ਬੇਟ, ਨਰੈਣੀਪੁਰ, ਚੰਦਰਭਾਨ ਅਤੇ ਕਲੀਜਪੁਰ ਵਿੱਚ 52.92 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਏ ਕੁੱਲ ਸੱਤ ਸਮਾਰਟ ਕਮਰਿਆਂ ਦਾ ਉਦਘਾਟਨ ਕੀਤਾ। ਅਰੁਣਾ ਚੌਧਰੀ ਨੇ ਪਿੰਡ ਸ਼ਾਲਾ ’ਚ 7.51 ਲੱਖ ਰੁਪਏ, ਗੁੰਝੀਆਂ ਬੇਟ ’ਚ 7.56 ਲੱਖ, ਨਰੈਣੀਪੁਰ ’ਚ 5.45 ਲੱਖ, ਚੰਦਰਭਾਨ ’ਚ 15.2 ਲੱਖ ਅਤੇ ਕਲੀਜਪੁਰ ’ਚ 17.2 ਲੱਖ ਰੁਪਏ ਦੀ ਲਾਗਤ ਨਾਲ ਬਣਾਏ ਗਏ ਵੱਡੇ ਕਮਰਿਆਂ ਬਾਰੇ ਕਿਹਾ ਕਿ ਇਸ ਨਾਲ ਵਿਦਿਆਰਥੀਆਂ ਨੂੰ ਬਹੁਤ ਲਾਭ ਹੋਵੇਗਾ ਅਤੇ ਉਹ ਖੁੱਲ੍ਹੇ ਕਮਰਿਆਂ ਅੰਦਰ ਚੰਗੇ ਮਾਹੌਲ ਵਿੱਚ ਸਿੱਖਿਆ ਪ੍ਰਾਪਤ ਕਰ ਸਕਣਗੇ। ਉਨ੍ਹਾਂ ਕਿਹਾ ਕਿ ਕਿਸੇ ਵੀ ਮੁਲਕ ਅਤੇ ਸੂਬੇ ਦੀ ਤਰੱਕੀ ਲਈ ਉੱਥੋਂ ਦੇ ਬੱਚਿਆਂ ਦਾ ਸਿੱਖਿਅਤ ਹੋਣਾ ਬਹੁਤ ਜ਼ਰੂਰੀ ਹੈ।