ਐੱਨਪੀ.ਧਵਨ
ਪਠਾਨਕੋਟ, 20 ਸਤੰਬਰ
ਪਠਾਨਕੋਟ ਪੁਲੀਸ ਨੇ ਗੈਰਕਾਨੂੰਨੀ ਮਾਈਨਿੰਗ ਵਿਰੁੱਧ ਵਿੱਢੀ ਮੁਹਿੰਮ ਨੂੰ ਜਾਰੀ ਰੱਖਦਿਆਂ 2 ਮੁਲਜ਼ਮਾਂ ਨੂੰ ਮਾਈਨਿੰਗ ਐਕਟ ਤਹਿਤ ਗ੍ਰਿਫ਼ਤਾਰ ਕਰਕੇ ਪਾਬੰਦੀਸ਼ੁਦਾ ਥਾਂ ਤੋਂ ਇੱਕ ਟਰੈਕਟਰ-ਟਰਾਲੀ ਅਤੇ ਇੱਕ ਜੇਸੀਬੀ ਮਸ਼ੀਨ ਜ਼ਬਤ ਕੀਤੀ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਮੁਕੇਸ਼ ਸਿੰਘ ਵਾਸੀ ਨਗਰੋਟਾ ਅਤੇ ਪਰਵੀਨ ਕੁਮਾਰ ਵਾਸੀ ਪਿੰਡ ਹਲੇੜ, ਸ਼ਾਹਪੁਰਕੰਡੀ, ਪਠਾਨਕੋਟ ਵਜੋਂ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲੀਸ ਮੁਖੀ (ਐੱਸਐੱਸਪੀ) ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਪਿੰਡ ਨਗਰੋਟਾ, ਸ਼ਾਹਪੁਰਕੰਡੀ ਵਿਖੇ ਨਾਜਾਇਜ਼ ਮਾਈਨਿੰਗ ਹੋਣ ਦੀ ਗੁਪਤ ਸੂਚਨਾ ਮਿਲਣ ’ਤੇ ਕਾਰਵਾਈ ਕਰਦੇ ਹੋਏ ਸਬ-ਡਿਵੀਜ਼ਨ ਧਾਰਕਲਾਂ, ਥਾਣਾ ਸ਼ਾਹਪੁਰਕੰਡੀ ਦੀ ਪੁਲੀਸ ਪਾਰਟੀ ਨੇ ਸਮੇਤ ਮਾਈਨਿੰਗ ਸਟਾਫ਼ ਦੇ ਨਾਲ ਪਿੰਡ ਨਗਰੋਟਾ ਵਿਖੇ ਛਾਪਾ ਮਾਰਿਆ ਅਤੇ ਦੇਖਿਆ ਕਿ ਇੱਕ ਟਰੈਕਟਰ-ਟਰਾਲੀ ਵਿੱਚ ਜੇਸੀਬੀ ਮਸ਼ੀਨ ਨਾਲ ਰੇਤ ਭਰੀ ਜਾ ਰਹੀ ਸੀ। ਪੁਲੀਸ ਪਾਰਟੀ ਨੂੰ ਦੇਖ ਕੇ ਮੁਲਜ਼ਮਾਂ ਨੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪਿੱਛਾ ਕਰਨ ’ਤੇ ਦੋਹਾਂ ਨੂੰ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ ਅਤੇ ਮੌਕੇ ’ਤੇ ਹੀ ਇੱਕ ਟਰੈਕਟਰ ਟਰਾਲੀ ਅਤੇ ਜੇਸੀਬੀ ਮਸ਼ੀਨ ਨੂੰ ਜ਼ਬਤ ਕਰ ਲਿਆ ਗਿਆ।
ਇਸ ਸਬੰਧੀ ਥਾਣਾ ਸ਼ਾਹਪੁਰਕੰਡੀ, ਪਠਾਨਕੋਟ ਵਿਖੇ ਮੁਲਜ਼ਮਾਂ ਖ਼ਿਲਾਫ਼ ਧਾਰਾ 21(1) ਮਾਈਨਿੰਗ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।