ਐਨ.ਪੀ. ਧਵਨ
ਪਠਾਨਕੋਟ, 8 ਅਪਰੈਲ
ਨਜ਼ਦੀਕ ਪੈਂਦੇ ਪਿੰਡ ਮਨਵਾਲ ਵਿੱਚ ਪੰਚਾਇਤ ਦੀ ਜ਼ਮੀਨ ਦੀ ਮਾਈਨਿੰਗ ਕਰਕੇ ਲੱਖਾਂ ਰੁਪਏ ਦੀ ਮਿੱਟੀ ਵੇਚਣ ਦਾ ਕਥਿਤ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਨੂੰ ਲੈ ਕੇ ਗਰਾਮ ਪੰਚਾਇਤ ਦੇ 10 ਮੈਂਬਰਾਂ ਵਿੱਚੋਂ 7 ਮੈਂਬਰਾਂ ਨੇ ਲਿਖਤੀ ਤੌਰ ’ਤੇ ਡਿਪਟੀ ਕਮਿਸ਼ਨਰ ਅਤੇ ਡੀਡੀਪੀਓ ਨੂੰ ਸ਼ਿਕਾਇਤ ਦਿੱਤੀ ਹੈ ਤੇ ਮੰਗ ਕੀਤੀ ਹੈ ਕਿ ਇਸ ਸਾਰੇ ਮਾਮਲੇ ਦੀ ਪੜਤਾਲ ਕੀਤੀ ਜਾਵੇ। ਉਨ੍ਹਾਂ ਨੇ ਆਪਣੇ ਪੱਤਰ ਵਿੱਚ ਬੀਡੀਪੀਓ ਨੂੰ ਇਹ ਲਿਖਿਆ ਹੈ ਕਿ ਉਹ ਸਰਪੰਚ ਵੱਲੋਂ ਪੰਚਾਇਤੀ ਜ਼ਮੀਨ ਦੀ ਕਰਵਾਈ ਗਈ ਖੁਦਾਈ ਤੇ ਫਿਰ ਉਸ ਨੂੰ ਵੇਚ ਦਿੱਤੇ ਜਾਣ ਵਿੱਚ ਕਿਸੇ ਨੂੰ ਵੀ ਸਰਪੰਚ ਨੇ ਭਰੋਸੇ ’ਚ ਨਹੀਂ ਲਿਆ। ਇਸ ਕਰਕੇ ਸਰਪੰਚ ਖ਼ਿਲਾਫ਼ ਬੇਭਰੋਸਗੀ ਦਾ ਮਤਾ ਲਿਆਂਦਾ ਜਾਵੇ ਤੇ ਮੀਟਿੰਗ ਰੱਖੀ ਜਾਵੇ। ਪੰਚਾਇਤ ਵੱਲੋਂ ਪਹਿਲਾਂ ਰੱਖੀ ਗਈ ਮੀਟਿੰਗ ਵਿੱਚ ਬੀਡੀਪੀਓ ਸ਼ਾਮਲ ਨਾ ਹੋਏ। ਹੁਣ ਮਾਮਲਾ ਇਹ ਹੋਰ ਗਰਮਾ ਗਿਆ ਹੈ। ਸ਼ਿਕਾਇਤ ਕਰਨ ਵਾਲੇ ਪੰਚਾਇਤ ਮੈਂਬਰਾਂ ਵਿੱਚ ਸ਼ਾਮ ਲਾਲ, ਆਸ਼ਾ ਰਾਣੀ, ਅਜੇ, ਪਵਨ ਕੁਮਾਰ, ਕ੍ਰਿਸ਼ਨਾ ਦੇਵੀ, ਸੁਲੇਖਾ ਅਤੇ ਸ਼ਾਮ ਦਾਸ ਸ਼ਾਮਲ ਹਨ।
ਸਰਪੰਚ ’ਤੇ ਲਗਾਏ ਦੋਸ਼ਾਂ ਦਾ ਵੇਰਵਾ: ਪੰਚਾਇਤ ਮੈਂਬਰਾਂ ਨੇ ਸਰਪੰਚ ਤਾਰਾ ਦੇਵੀ ਖ਼ਿਲਾਫ਼ ਦੋਸ਼ ਲਗਾਇਆ ਹੈ ਕਿ ਉਸ ਨੇ ਗਰਾਮ ਪੰਚਾਇਤ ਅੰਦਰ ਬਿਨਾਂ ਮਤਾ ਪਾਸ ਕੀਤੇ, ਬਿਨਾਂ ਉਨ੍ਹਾਂ ਦੀ ਸਹਿਮਤੀ ਦੇ ਅਤੇ ਪੰਚਾਇਤੀ ਨਿਯਮਾਂ ਦੀ ਕਥਿਤ ਉਲੰਘਣਾ ਕਰਕੇ ਲੱਖਾਂ ਰੁਪਏ ਦੀ ਮਿੱਟੀ ਵੇਚ ਦਿੱਤੀ। ਜਦੋਂ ਉਨ੍ਹਾਂ ਨੇ ਸਰਪੰਚ ਤਾਰਾ ਦੇਵੀ ਤੇ ਉਸ ਦੇ ਪਤੀ ਕਰਨ ਸਿੰਘ, ਜੋ ਕਿ ਪੰਚਾਇਤ ਮੈਂਬਰ ਵੀ ਹਨ, ਕੋਲੋਂ ਇਸ ਬਾਰੇ ਪੁੱਛਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਤੁਹਾਡਾ ਇਸ ਨਾਲ ਕੁੱਝ ਵੀ ਲੈਣਾ-ਦੇਣਾ ਨਹੀਂ ਹੈ।
ਸਰਪੰਚ ਤਾਰਾ ਦੇਵੀ ਤੋਂ ਜਦੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਸ ਦਾ ਕਹਿਣਾ ਸੀ ਕਿ ਉਸ ਨੇ ਮਨਰੇਗਾ ਤਹਿਤ ਇਸ ਮਿੱਟੀ ਨਾਲ ਟੋਏ ਭਰਵਾਏ ਹਨ। ਬੀਡੀਪੀਓ ਹਰਪ੍ਰੀਤ ਸਿੰਘ ਨਾਲ ਜਦੋਂ ਮਾਮਲੇ ਬਾਰੇ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਉਹ ਕਿਸੇ ਮੀਟਿੰਗ ਵਿੱਚ ਗਏ ਹੋਏ ਸਨ ਜਿਸ ਕਰਕੇ ਗਰਾਮ ਪੰਚਾਇਤ ਵੱਲੋਂ ਰੱਖੀ ਮੀਟਿੰਗ ਵਿੱਚ ਉਹ ਨਹੀਂ ਜਾ ਸਕੇ।
ਮਾਮਲੇ ਦੀ ਜਾਂਚ ਐੱਸਡੀਓ ਨੂੰ ਸੌਂਪੀ
ਡੀਡੀਪੀਓ ਪਰਮਪਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ 7 ਪੰਚਾਇਤ ਮੈਂਬਰਾਂ ਦੀ ਸ਼ਿਕਾਇਤ ਮਿਲ ਗਈ ਹੈ ਅਤੇ ਉਨ੍ਹਾਂ ਪੰਚਾਇਤੀ ਵਿਭਾਗ ਦੇ ਐੱਸਡੀਓ ਨੂੰ ਇਸ ਮਾਮਲੇ ਦੀ ਜਾਂਚ ਕਰਨ ਲਈ ਨਿਯੁਕਤ ਕਰ ਦਿੱਤਾ ਹੈ। ਜਾਂਚ ਰਿਪੋਰਟ ਆਉਣ ਬਾਅਦ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।