ਪੱਤਰ ਪ੍ਰੇਰਕ
ਫ਼ਤਹਿਗੜ੍ਹ ਚੂੜੀਆਂ, 23 ਜੂਨ
ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਸ਼ਹਿਰੀ ਇੰਚਾਰਜ ਪ੍ਰੀਤਮ ਸਿੰਘ ਬੱਬੂ ਨੇ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨਾਲ ਮੁਲਾਕਾਤ ਕੀਤੀ, ਜਿਸ ਵਿਚ ਉਨ੍ਹਾਂ ਨੇ ਫ਼ਤਹਿਗੜ੍ਹ ਚੂੜੀਆਂ ਅਤੇ ਆਸ-ਪਾਸ ਦੇ ਕਈ ਇਲਾਕਿਆਂ ਨਾਲ ਸਬੰਧਤ ਅਹਿਮ ਮਸਲਿਆਂ ਬਾਰੇ ਡੀਸੀ ਨੂੰ ਜਾਣੂ ਕਰਵਾਇਆ। ਇਸ ਮੌਕੇ ਪ੍ਰੀਤਮ ਸਿੰਘ ਬੱਬੂ ਨੇ ਦੱਸਿਆ ਉਨ੍ਹਾਂ ਵੱਲੋਂ ਫ਼ਤਹਿਗੜ੍ਹ ਚੂੜੀਆਂ ਤੋਂ ਬਟਾਲਾ ਨੂੰ ਜਾਣ ਵਾਲੀ ਸੜਕ ਦੀ ਖਸਤਾ ਹਾਲਤ ਬਾਰੇ ਡਿਪਟੀ ਕਮਿਸ਼ਨਰ ਨੂੰ ਜਾਣੂ ਕਰਵਾਇਆ ਗਿਆ ਹੈ ਅਤੇ ਇਸ ਨੂੰ ਜਲਦੀ ਸਹੀ ਕਰਵਾਉਣ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਫ਼ਤਹਿਗੜ੍ਹ ਚੂੜੀਆਂ ਸ਼ਹਿਰ ਦਾ ਫੂਡ ਅਤੇ ਸਿਵਲ ਸਪਲਾਈ ਦਫ਼ਤਰ, ਜੋ ਕਿ ਅਕਸਰ ਬੰਦ ਦੇਖਿਆ ਜਾਂਦਾ ਹੈ, ਬਾਰੇ ਗੱਲਬਾਤ ਕੀਤੀ ਗਈ ਹੈ। ਇਸੇ ਦੌਰਾਨ ਉਨ੍ਹਾਂ ਵੱਲੋਂ ਦਫ਼ਤਰ ਨਗਰ ਕੌਂਸਲ ਦੀ ਨਵੀਂ ਬਣਨ ਵਾਲੀ ਬਿਲਡਿੰਗ, ਐੱਸ.ਡੀ.ਐੱਮ ਦਫ਼ਤਰ, ਨਾਜਾਇਜ਼ ਇੰਕਰੋਚਮੈਂਟ ਆਦਿ ਸਬੰਧੀ ਡਿਪਟੀ ਕਮਿਸ਼ਨਰ ਨੂੰ ਜਾਣੂ ਕਰਵਾਇਆ ਗਿਆ ਹੈ। ਇਨ੍ਹਾਂ ਮਸਲਿਆਂ ਦਾ ਹੱਲ ਕਰਨ ਲਈ ਡਿਪਟੀ ਕਮਿਸ਼ਨਰ ਨੇ ਮੌਕੇ ’ਤੇ ਹੀ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਅਤੇ ਰਿਪੋਰਟ ਦੇਣ ਲਈ ਵੀ ਕਿਹਾ।