ਪੱਤਰ ਪ੍ਰੇਰਕ
ਪਠਾਨਕੋਟ, 7 ਜੂਨ
ਪੀਡਬਲਯੂਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਵਿਭਾਗ ਵੱਲੋਂ ਮੰਗਾਂ ਦੀ ਪੂਰਤੀ ਲਈ ਐਕਸੀਅਨ ਮਹੇਸ਼ ਕੁਮਾਰ ਨਾਲ ਮੀਟਿੰਗ ਕੀਤੀ। ਇਸ ਵਿੱਚ ਯੂਨੀਅਨ ਦੇ ਪ੍ਰਧਾਨ ਰਾਜਿੰਦਰ ਕੁਮਾਰ, ਚੇਅਰਮੈਨ ਸਤੀਸ਼ ਸ਼ਰਮਾ, ਜਨਰਲ ਸਕੱਤਰ ਸੁਰੇਸ਼ ਕੁਮਾਰ ਆਦਿ ਸ਼ਾਮਲ ਹੋਏ। ਇਸ ਮੌਕੇ ਤੇ ਚੇਅਰਮੈਨ ਸਤੀਸ਼ ਸ਼ਰਮਾ ਨੇ ਮੰਗ ਕਰਦੇ ਹੋਏ ਕਿਹਾ ਕਿ ਆਊਟਸੋਰਸ ਮੁਲਾਜ਼ਮਾਂ ਨੂੰ 18 ਹਜ਼ਾਰ ਰੁਪਏ ਮਹੀਨਾ ਤਨਖਾਹ ਦਿੱਤੀ ਜਾਵੇ, ਜੋ ਮੁਲਾਜ਼ਮ ਸੇਵਾ ਮੁਕਤ ਹੋ ਗਏ ਹਨ, ਉਨ੍ਹਾਂ ਦੇ ਪੈਨਸ਼ਨ ਕੇਸ ਸਮੇਂ ਤੇ ਭੇਜੇ ਜਾਣ, ਜੋ ਮੁਲਾਜ਼ਮ 1 ਜਨਵਰੀ 2016 ਬਾਅਦ ਸੇਵਾ ਮੁਕਤ ਹੋਏ ਹਨ, ਉਨ੍ਹਾਂ ਦੀ ਪੈਨਸ਼ਨ ਸੋਧ ਕਰਕੇ ਏਜੀ ਦਫਤਰ ਨੂੰ ਭੇਜੀ ਜਾਵੇ, ਰਿੱਟ ਪਟੀਸ਼ਨ 6162 ਵਿੱਚ ਮੁਲਾਜ਼ਮਾਂ ਨੂੰ ਸੋਧੇ ਤਨਖਾਹ ਸਕੇਲ ਦਾ ਬਕਾਇਆ ਦਿੱਤਾ ਜਾਵੇ, ਜਲ ਘਰਾਂ ਦੀ ਮੁਰੰਮਤ ਕਰਵਾਉਣ ਦੇ ਨਾਲ ਹੀ ਮੁਲਾਜ਼ਮਾਂ ਨੂੰ ਕੰਮ ਕਰਨ ਲਈ ਔਜ਼ਾਰ ਦਿੱਤੇ ਜਾਣ, ਦਰਜਾ ਚਾਰ ਮੁਲਾਜ਼ਮ ਨੂੰ ਵਰਦੀ ਦਿੱਤੀ ਜਾਵੇ।
ਐਕਸੀਅਨ ਮਹੇਸ਼ ਕੁਮਾਰ ਨੇ ਵਫ਼ਦ ਆਗੂਆਂ ਨੂੰ ਸਾਰੀਆਂ ਮੰਗਾਂ 20 ਦਿਨ ਵਿੱਚ ਪੂਰੀਆਂ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਆਊਟਸੋਰਸ ਮੁਲਾਜ਼ਮਾਂ ਦੀ ਤਨਖਾਹ ਵਧਾਉਣ ਲਈ ਸਮਾਨਤਾ ਲਿਆਉਣ ਲਈ ਕਮੇਟੀ ਬਣਾਈ ਹੈ। ਕਮੇਟੀ ਦਾ ਫ਼ੈਸਲਾ ਆਉਣ ਤੋਂ ਬਾਅਦ ਆਊਟਸੋਰਸ ਮੁਲਾਜ਼ਮਾਂ ਦੀ ਤਨਖਾਹ ਵਧਾਈ ਜਾਵੇਗੀ। ਇਸ ਦੇ ਇਲਾਵਾ ਰਿੱਟ ਪਟੀਸ਼ਨ 6162 ਦੇ ਮੁਲਾਜ਼ਮਾਂ ਨੂੰ ਬਕਾਇਆ ਦੇਣ ਲਈ ਫੰਡ ਮੰਗੇ ਜਾਣਗੇ।