ਪੱਤਰ ਪ੍ਰੇਰਕ
ਗੁਰਦਾਸਪੁਰ, 8 ਨਵੰਬਰ
ਟੈਕਨੀਕਲ ਸਰਵਿਸਿਜ਼ ਯੂਨੀਅਨ ਸਰਕਲ ਗੁਰਦਾਸਪੁਰ ਦਾ 40ਵਾਂ ਡੈਲੀਗੇਟ ਇਜਲਾਸ ਸਰਕਲ ਪ੍ਰਧਾਨ ਜਗਤਾਰ ਸਿੰਘ ਖੁੰਡਾ ਦੀ ਪ੍ਰਧਾਨਗੀ ਹੇਠ ਸਥਾਨਕ ਰਾਮ ਸਿੰਘ ਦੱਤ ਯਾਦਗਾਰ ਹਾਲ ਵਿਖੇ ਹੋਇਆ। ਸੂਬਾ ਚੋਣ ਨਿਗਰਾਨ ਵੱਲੋਂ ਸੂਬਾ ਸਕੱਤਰ ਜਨਰਲ ਸਕੱਤਰ ਪ੍ਰਮੋਦ ਕੁਮਾਰ, ਸਹਾਇਕ ਸਕੱਤਰ ਕ੍ਰਿਸ਼ਨ ਸਿੰਘ ਅਤੇ ਸਰਕਲ ਪ੍ਰਧਾਨ ਅਰਬਨ ਸਰਕਲ ਅੰਮ੍ਰਿਤਸਰ ਬਲਜੀਤ ਸਿੰਘ ਸ਼ਾਮਲ ਹੋਏ।
ਇਜਲਾਸ ਦੀ ਸ਼ੁਰੂਆਤ ਇਸ ਸੈਸ਼ਨ ਦੌਰਾਨ ਵਿੱਛੜ ਚੁੱਕੇ ਸਾਥੀਆਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਦੇਣ ਨਾਲ ਹੋਈ। ਇਸ ਮੌਕੇ ਜਥੇਬੰਦੀ ਦੀਆਂ ਗਤੀਵਿਧੀਆਂ ਅਤੇ ਬਿਜਲੀ ਕਾਮਿਆਂ ਦੀਆਂ ਮੁਸ਼ਕਿਲਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ। ਜਥੇਬੰਦੀ ਦੇ ਸੰਵਿਧਾਨ ਅਨੁਸਾਰ ਅਗਲੇ ਦੋ ਸਾਲਾਂ ਲਈ ਸਰਬਸੰਮਤੀ ਨਾਲ ਸਰਕਲ ਕਮੇਟੀ ਦੀ ਚੋਣ ਕੀਤੀ ਗਈ ਜਿਸ ਵਿੱਚ ਜਗਤਾਰ ਸਿੰਘ ਖੁੰਡਾ ਨੂੰ ਪ੍ਰਧਾਨ, ਸਤਨਾਮ ਸਿੰਘ ਕਲੇਰ ਮੀਤ ਪ੍ਰਧਾਨ, ਗੁਰਮੁੱਖ ਸਿੰਘ ਸਕੱਤਰ, ਰਣਧੀਰ ਕੁਮਾਰ ਸਹਾਇਕ ਸਕੱਤਰ ਅਤੇ ਕੁਲਬੀਰ ਸਿੰਘ ਖਜ਼ਾਨਚੀ ਚੁਣੇ ਗਏ। ਸੂਬਾਈ ਆਗੂਆਂ ਨੇ ਕਿਹਾ ਕਿ ਪਾਵਰਕੌਮ ਮੈਨੇਜਮੈਂਟ ਨੇ ਬਿਜਲੀ ਕਾਮਿਆਂ ਦੀਆਂ ਮੰਗਾਂ ਪ੍ਰਤੀ ਅੜੀਅਲ ਵਤੀਰਾ ਧਾਰਨ ਕੀਤਾ ਹੋਇਆ ਹੈ। ਮਤਾ ਪਾਸ ਕਰਕੇ ਖੇਤੀ ਕਾਨੂੰਨਾਂ ਤੇ ਬਿਜਲੀ ਸੋਧ ਬਿੱਲ ਨੂੰ ਰੱਦ ਕਰਨ ਤੋਂ ਇਲਾਵਾ ਸਰਕਾਰੀ ਥਰਮਲ ਪਲਾਂਟ ਚਾਲੂ ਕਰਨ ਅਤੇ ਖਾਲੀ ਆਸਾਮੀਆਂ ਭਰਨ ਆਦਿ ਦੀ ਮੰਗ ਤੋਂ ਇਲਾਵਾ ਕਿਸਾਨਾਂ ਦੇ ਸੰਘਰਸ਼ ਦੀ ਡੱਟਵੀਂ ਹਮਾਇਤ ਦਾ ਐਲਾਨ ਕੀਤਾ ਗਿਆ।