ਖੇਤਰੀ ਪ੍ਰਤੀਨਿਧ
ਬਟਾਲਾ, 23 ਅਗਸਤ
ਪੁਲੀਸ ਜ਼ਿਲ੍ਹਾ ਬਟਾਲਾ ਦੇ ਮੁਖੀ ਸਤਿੰਦਰਪਾਲ ਸਿੰਘ ਅੱਜ ਇਤਿਹਾਸਕ ਗੁਰਦੁਆਰਾ ਸ੍ਰੀ ਕੰਧ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਉਪਰੰਤ ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਅਤੇ ਅਧਿਕਾਰੀਆਂ ਨਾਲ ਵਿਆਹ ਪੁਰਬ ਸਬੰਧੀ ਇੱਕ ਵਿਸ਼ੇਸ਼ ਮੀਟਿੰਗ ਕੀਤੀ ਹੈ। ਇਸ ਮੌਕੇ ਐੱਸਜੀਪੀਸੀ ਮੈਂਬਰ ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ, ਐੱਸਜੀਪੀਸੀ ਮੈਂਬਰ ਗੁਰਨਾਮ ਸਿੰਘ ਜੱਸਲ, ਗੁਰਦੁਆਰਾ ਕੰਧ ਸਾਹਿਬ ਦੇ ਮੈਨੇਜਰ ਨਿਸ਼ਾਨ ਸਿੰਘ, ਗੁਰਦੁਆਰਾ ਅੱਚਲ ਸਾਹਿਬ ਦੇ ਮੈਨੇਜਰ ਗੁਰਤਿੰਦਰ ਪਾਲ ਸਿੰਘ ਭਾਟੀਆ, ਗੁਰਦੁਆਰਾ ਡੇਹਰਾ ਸਾਹਿਬ ਸਤਿਕਰਤਾਰੀਆਂ ਦੇ ਮੈਨੇਜਰ ਮਨਜੀਤ ਸਿੰਘ ਜ਼ਫਰਵਾਲ ਅਤੇ ਗੁਰਦੁਆਰਾ ਓਠੀਆਂ ਸਾਹਿਬ ਦੇ ਮੈਨੇਜਰ ਦਵਿੰਦਰ ਸਿੰਘ ਲਾਲੀ ਬਾਜਵਾ ਮੌਜੂਦ ਸਨ। ਜਥੇਦਾਰ ਗੋਰਾ ਅਤੇ ਜਥੇਦਾਰ ਜੱਸਲ ਨੇ ਐੱਸਐੱਸਪੀ ਬਟਾਲਾ ਨੂੰ 3 ਸਤੰਬਰ ਨੂੰ ਮਨਾਏ ਜਾ ਰਹੇ ਗੁਰੂ ਨਾਨਕ ਦੇਵ ਦੇ ਵਿਆਹ ਪੁਰਬ ਅਤੇ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਅਤੇ ਗੁਰਦੁਆਰਾ ਡੇਹਰਾ ਸਾਹਿਬ ਤੋਂ ਸਜਾਏ ਜਾਣ ਵਾਲੇ ਨਗਰ ਕੀਰਤਨ ਦੇ ਸਮੁੱਚੇ ਰੂਟ ਦੀ ਰੂਪ-ਰੇਖਾ ਅਤੇ ਗੁਰਦੁਆਰਾ ਸਾਹਿਬ ਵਿੱਚ ਮਨਾਏ ਜਾਣ ਵਾਲੇ ਸਮੁੱਚੇ ਸਮਾਗਮਾਂ ਦੀ ਜਾਣਕਾਰੀ ਦਿੱਤੀ ਅਤੇ ਸੰਗਤ ਦੀ ਸੁਰੱਖਿਆ ਅਤੇ ਟਰੈਫਿਕ ਸਬੰਧੀ ਪ੍ਰਬੰਧ ਕਰਨ ਲਈ ਬੇਨਤੀ ਕੀਤੀ।