ਗੁਰਬਖਸ਼ਪੁਰੀ
ਤਰਨ ਤਾਰਨ, 16 ਜੂਨ
ਸੂਬੇ ਦੇ ਡਾਇਰੈਕਟਰ ਜਨਰਲ ਆਫ਼ ਪੁਲੀਸ ਵੀ.ਕੇ. ਭਾਵਰਾ (ਵਿਰੇਸ਼ ਕੁਮਾਰ ਭੰਵਰਾ) ਵੱਲੋਂ ਅੱਜ ਇਥੇ ਫਿਰੋਜ਼ਪੁਰ ਰੇਂਜ ਦੇ ਪੁਲੀਸ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਅਮਨ ਕਾਨੂੰਨ ਦੀ ਸਥਿਤੀ ਦਾ ਜਾਇਜ਼ਾ ਲਿਆ ਅਤੇ ਪੁਲੀਸ ਨੂੰ ਗੈਰ ਸਮਾਜੀ ਤੱਤਾਂ ਨਾਲ ਸਖਤੀ ਨਾਲ ਨਿਪਟਣ ਦੀਆਂ ਹਦਾਇਤਾਂ ਕੀਤੀਆਂ| ਫਿਰੋਜ਼ਪੁਰ ਰੇਂਜ ਡੀਆਈਜੀ ਇੰਦਰਬੀਰ ਸਿੰਘ, ਰਣਜੀਤ ਸਿੰਘ ਢਿੱਲੋਂ ਐੱਸਐੱਸਪੀ ਤਰਨ ਤਾਰਨ, ਚਰਨਜੀਤ ਸਿੰਘ ਐੱਸਐੱਸਪੀ ਫਿਰੋਜ਼ਪੁਰ, ਭੁਪਿੰਦਰ ਸਿੰਘ ਐੱਸਐੱਸਪੀ ਫਾਜ਼ਿਲਕਾ ਅਧਿਕਾਰੀ ਹਾਜ਼ਰ ਹੋਏ| ਡੀਜੀਪੀ ਨੇ ਪੁਲੀਸ ਨੂੰ ਸਰਹੱਦ ਤੋਂ ਨਸ਼ਿਆਂ ਦੀ ਹੁੰਦੀ ਸਮਗਲਿੰਗ ਖ਼ਿਲਾਫ਼ ਸਖਤੀ ਕਰਨ ਅਤੇ ਭਗੌੜੇ ਅਪਰਾਧੀਆਂ ਨੂੰ ਗ੍ਰਿਫ਼ਤਾਰ ਕਰਨ ਦੀਆਂ ਵੀ ਹਦਾਇਤਾਂ ਕੀਤੀਆਂ| ਅਧਿਕਾਰੀ ਦੀ ਫੇਰੀ ਨੂੰ ਗੁਪਤ ਰੱਖਿਆ ਗਿਆ| ਐੱਸਐੱਸਪੀ ਦੇ ਦਫ਼ਤਰ ਕੰਪਲੈਕਸ ਅੰਦਰ ਕੀਤੀ ਮੀਟਿੰਗ ਵਾਲੇ ਥਾਂ ਦੇ ਨੇੜੇ ਤੇੜੇ ਪੱਤਰਕਾਰਾਂ ਤੱਕ ਨੂੰ ਵੀ ਨਹੀਂ ਜਾਣ ਦਿੱਤਾ ਗਿਆ| ਐੱਸਐੱਸਪੀ ਦੇ ਦਫ਼ਤਰ ਦੀਆਂ ਗਤੀਵਿਧੀਆਂ ਨੂੰ ਦੂਰ ਦੂਰ ਤੱਕ ਨਿਗਾਹਾਂ ਤੋਂ ਬਚਾਉਣ ਲਈ ਸੜਕ ਵਾਲੇ ਪਾਸੇ ਨੂੰ ਉੱਚੀਆਂ ਉੱਚੀਆਂ ਕਨਾਤਾਂ ਲਗਾ ਕੇ ਓਹਲਾ ਕੀਤਾ ਹੋਇਆ ਸੀ ਅਤੇ ਐੱਸਐੱਸਪੀ ਦੇ ਦਫ਼ਤਰ ਵੱਲ ਕਿਸੇ ਨੂੰ ਆਉਣ ਤੋਂ ਰੋਕਣ ਲਈ ਰੱਸੇ ਬੰਨ੍ਹ ਕੇ ਰੋਕਾਂ ਲਗਾਈਆਂ ਗਈਆਂ ਸਨ| ਡੀਜੀਪੀ ਨੇ ਪੁਲੀਸ ਨੂੰ ਨਸ਼ਿਆਂ ਦੇ ਸਮੱਗਲਰਾਂ, ਗੈਂਗਸਟਰਾਂ ਸਮੇਤ ਹੋਰਨਾਂ ਗੈਰ-ਸਮਾਜੀ ਅਨਸਰਾਂ ’ਤੇ ਤਿੱਖੀ ਨਿਗਾਹ ਰੱਖੇ ਜਾਣ ਲਈ ਵੀ ਨਿਰਦੇਸ਼ ਜਾਰੀ ਕੀਤੇ|