ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 20 ਅਗਸਤ
ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਦੇ ਮਾਮਲੇ ਨੂੰ ਲੈ ਕੇ ਅੱਜ ਪੰਜਾਬ-ਯੂ.ਟੀ. ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਦੀ ਅਗਵਾਈ ਵਿੱਚ ਮੁਲਾਜ਼ਮਾਂ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਕੰਪਲੈਕਸ ’ਚ ਰੋਸ ਰੈਲੀ ਕਰਨ ਤੋਂ ਬਾਅਦ ਕੈਬਨਿਟ ਮੰਤਰੀ ਓਪੀ ਸੋਨੀ ਦੇ ਘਰ ਵੱਲ ਮਾਰਚ ਕੀਤਾ ਗਿਆ। ਪੁਲੀਸ ਨੇ ਰੋਕਾਂ ਲਾ ਕੇ ਵਿਖਾਵਾਕਾਰੀਆਂ ਨੂੰ ਰੋਕਣ ਦਾ ਯਤਨ ਕੀਤਾ ਪਰ ਮੁਲਾਜ਼ਮ ਰੋਕਾਂ ਹਟਾਉਂਦੇ ਹੋਏ ਘਰ ਨੇੜੇ ਪੁੱਜ ਗਏ ਅਤੇ ਧਰਨਾ ਦਿੱਤਾ। ਬਾਅਦ ਵਿੱਚ ਕੌਂਸਲਰ ਵਿਕਾਸ ਸੋਨੀ ਨੇ ਇਨ੍ਹਾਂ ਕੋੋਲੋ ਮੰਗ ਪੱਤਰ ਲਿਆ ਅਤੇ ਜਲਦੀ ਕੈਬਨਿਟ ਮੰਤਰੀ ਨਾਲ ਮੁਲਾਕਾਤ ਕਰਵਾਉਣ ਦਾ ਭਰੋਸਾ ਦਿਤਾ ।ਮੁਲਾਜਮ ਆਗੂਆਂ ਬਿਕਰਮਜੀਤ ਸ਼ਾਹ, ਅਸ਼ਵਨੀ ਅਵਸਥੀ, ਗੁਰਦੀਪ ਸਿੰਘ ਬਾਜਵਾ, ਜੋਗਿੰਦਰ ਸਿੰਘ, ਸੁਖਦੇਵ ਸਿੰਘ ਪੰਨੂ, ਕੁਲਦੀਪ ਸਿੰਘ , ਸੁਖਦੇਵ ਰਾਜ ਕਾਲੀਆ, ਸੰਤ ਸੇਵਕ ਸਰਕਾਰੀਆ, ਮਲਕੀਤ ਸਿੰਘ , ਕ੍ਰਿਸ਼ਨ ਸਿੰਘ , ਕੁਲਵੰਤ ਸਿੰਘ ਜੰਡਿਆਲਾ, ਸਤਬੀਰ ਬੋਪਾਰਾਏ, ਸੁਖਵਿੰਦਰ ਸਿੰਘ ਮਾਨ ਆਦਿ ਨੇ ਸੰਬੋਧਨ ਕੀਤਾ। ਮੁਲਾਜ਼ਮ ਆਗੂਆਂ ਨੇ ਆਖਿਆ ਕਿ ਪੰਜਾਬ ਸਰਕਾਰ ਗੱਲਬਾਤ ਨੂੰ ਸਿਰਫ਼ ਤਨਖਾਹ ਕਮਿਸ਼ਨ ਤੱਕ ਸੀਮਿਤ ਕਰ ਰਹੀ ਹੈ ਅਤੇ ਬਾਕੀ ਮੰਗਾਂ ਨੂੰ ਸੁਣਨ ਲਈ ਵੀ ਤਿਆਰ ਨਹੀਂ ਹੈ।
ਪਠਾਨਕੋਟ(ਪੱਤਰ ਪ੍ਰੇਰਕ): ਛੇਵੇਂ ਤਨਖਾਹ ਕਮਿਸ਼ਨ ਦੀ ਮੁਲਾਜ਼ਮ ਮਾਰੂ ਰਿਪੋਰਟ ਨੂੰ ਸੋਧ ਕੇ ਲਾਗੂ ਕਰਨ ਦੀ ਮੰਗ ਨੂੰ ਲੈ ਕੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਪੰਜਾਬ ਅਤੇ ਯੂਟੀ ਦੇ ਮੁਲਾਜ਼ਮਾਂ ਉਪਰ ਚੰਡੀਗੜ੍ਹ ਦੀ ਪੁਲੀਸ ਵੱਲੋਂ ਪਾਣੀ ਦੀਆਂ ਬੋਛਾੜਾਂ ਮਾਰਨ ਤੇ ਲਾਠੀਚਾਰਜ ਕਰਨ ਦੀ ਮੁਲਾਜ਼ਮ ਆਗੂਆਂ ਜਸਬੀਰ ਸਿੰਘ ਮੰਡੇਰ, ਡਾ. ਪ੍ਰਿਅੰਕਾ ਠਾਕੁਰ ਅਤੇ ਵੈਟਰਨਰੀ ਇੰਸਪੈਕਟਰਜ਼ ਐਸੋਸੀਏਸ਼ਨ ਦੇ ਕਿਸ਼ਨ ਚੰਦਰ ਮਹਾਜਨ ਨੇ ਨਿੰਦਾ ਕੀਤੀ ਹੈ।
ਸਾਂਝੇ ਫਰੰਟ ਦੀ ਅਗਵਾਈ ਹੇਠ ਤਰਨ ਤਾਰਨ ਵਿੱਚ ਮੁਲਾਜ਼ਮਾਂ ਵੱਲੋਂ ਵਿਸ਼ਾਲ ਰੈਲੀ
ਤਰਨ ਤਾਰਨ(ਗੁਰਬਖਸ਼ਪੁਰੀ): ਸੂਬਾ ਸਰਕਾਰ ਦੇ ਵੱਖ-ਵੱਖ ਵਿਭਾਗਾਂ ਦੇ ਨੌਕਰੀ ਕਰਦੇ ਤੇ ਸੇਵਾਮੁਕਤ ਸੈਂਕੜੇ ਮੁਲਾਜ਼ਮਾਂ ਵੱਲੋਂ ਪੰਜਾਬ-ਯੂ ਟੀ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਦੇ ਝੰਡੇ ਹੇਠ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਮਾਰਚ ਕਰਕੇ ਇਥੋਂ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ (ਡੀਏਸੀ) ਸਾਹਮਣੇ ਇੱਕ ਵਿਸ਼ਾਲ ਰੈਲੀ ਕੀਤੀ| ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਸੁਖਪ੍ਰੀਤ ਸਿੰਘ ਪੰਨੂੰ, ਸੁਖਵਿੰਦਰ ਸਿੰਘ ਸੰਧੂ, ਅੰਗਰੇਜ ਸਿੰਘ, ਕਰਵਿੰਦਰ ਸਿੰਘ ਚੀਮਾ, ਰਮਨਦੀਪ ਸਿੰਘ ਪੰਨੂੰ, ਗੁਰਪ੍ਰੀਤ ਗੰਡੀਵਿੰਡ, ਨਛੱਤਰ ਸਿੰਘ, ਕਾਰਜ ਸਿੰਘ ਕੈਰੋਂ, ਤਾਰਾ ਸਿੰਘ ਖਹਿਰਾ, ਅਜੀਤ ਸਿੰਘ ਫਤਿਹਚੱਕ, ਬਲਜਿੰਦਰਪਾਲ ਕੈਰੋਂ, ਅਨੂਪ ਕੌਰ, ਸੀਮਾ ਸੋਹਲ, ਮੰਗਲ ਸਿੰਘ ਠਰੂ, ਗੁਰਵਿੰਦਰ ਸਿੰਘ ਬੱਬੂ, ਬਲਜੀਤ ਸਿੰਘ ਟੌਮ ਸਮੇਤ ਹੋਰ ਕਈ ਆਗੂਆਂ ਨੇ ਰੈਲੀ ਨੂੰ ਸੰਬੋਧਨ ਕੀਤਾ| ਜਥੇਬੰਦੀ ਨੇ ਵਿਧਾਇਕ ਡਾ ਧਰਮਬੀਰ ਅਗਨੀਹੋਤਰੀ ਨੂੰ ਮੰਗ ਪੱਤਰ ਦਿੱਤਾ|
ਹੁਸ਼ਿਆਰਪੁਰ ਦੇ ਮਿਨੀ ਸਕੱਤਰੇਤ ਵਿੱਚ ਗੱਜੇ ਮੁਲਾਜ਼ਮ
ਹੁਸ਼ਿਆਰਪੁਰ(ਹਰਪ੍ਰੀਤ ਕੌਰ): ਪੰਜਾਬ ਯੂ.ਟੀ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫ਼ਰੰਟ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਸਥਾਨਕ ਮਿੰਨੀ ਸਕੱਤਰੇਤ ਦੇ ਬਾਹਰ ਜ਼ਿਲ੍ਹਾ ਪੱਧਰੀ ਰੋਸ ਰੈਲੀ ਕੀਤੀ ਗਈ ਜਿਸ ਵਿਚ ਵੱਡੀ ਗਿਣਤੀ ’ਚ ਮੁਲਾਜ਼ਮ ਤੇ ਪੈਨਸ਼ਨ ਸ਼ਾਮਿਲ ਹੋਏ। ਰੈਲੀ ਦੀ ਅਗਵਾਈ ਮੁਲਾਜ਼ਮ ਆਗੂ ਕੁਲਵਰਨ ਸਿੰਘ, ਰਾਮਜੀ ਦਾਸ ਚੌਹਾਨ, ਨਿਤਿਨ ਮਹਿਰਾ, ਕੁਲਵੰਤ ਸਿੰਘ ਸੈਣੀ, ਉਂਕਾਰ ਸਿੰਘ, ਸੁਖਦੇਵ ਡਾਨਸੀਵਾਲ, ਸੰਜੀਵ ਧੂਤ, ਅਨੀਰੁੱਧ ਮੌਦਗਿੱਲ ਨੇ ਕੀਤੀ। ਰੈਲੀ ਉਪਰੰਤ ਉਨ੍ਹਾਂ ਨੇ ਸ਼ਹਿਰ ’ਚ ਰੋਸ ਮਾਰਚ ਕੀਤਾ ਤੇ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ ਚੇਤਾਵਨੀ ਪੱਤਰ ਸੌਂਪਿਆ। ਇਸ ਤੋਂ ਪਹਿਲਾਂ ਰੈਲੀ ਨੂੰ ਫ਼ਰੰਟ ਦੇ ਸੂਬਾ ਕਨਵੀਨਰ ਸਤੀਸ਼ ਰਾਣਾ ਨੇ ਸੰਬੋਧਨ ਕੀਤਾ। ।