ਪੱਤਰ ਪ੍ਰੇਰਕ
ਤਰਨ ਤਾਰਨ, 16 ਅਗਸਤ
20 ਸਾਲ ਪਹਿਲਾਂ ਗੋਇੰਦਵਾਲ ਸਾਹਿਬ ਪੁਲੀਸ ਦੀ ਹਿਰਾਸਤ ਵਿੱਚ ਮਾਰੇ ਗਏ (ਉਸ ਵੇਲੇ) ਨੌਵੀਂ ਜਮਾਤ ਵਿੱਚ ਪੜ੍ਹਦੇ ਬੱਚੇ ਪ੍ਰਦੀਪ ਸਿੰਘ ਦੇ ਮਾਮਲੇ ਸਬੰਧੀ ਨਿਆਂ ਲੈਣ ਲਈ ਲੰਬੀ ਲੜਾਈ ਲੜ ਰਹੀ ਜਥੇਬੰਦੀ ‘ਪ੍ਰਦੀਪ ਕਤਲ ਕਾਂਡ ਐਕਸ਼ਨ ਕਮੇਟੀ’ ਵਲੋਂ ਆਜ਼ਾਦੀ ਦਿਹਾੜੇ ’ਤੇ ਸ਼ਹਿਰ ਵਿੱਚ ਮਾਰਚ ਕੀਤਾ ਗਿਆ| ਜਥੇਬੰਦੀ ਦੇ ਕਾਰਕੁਨਾਂ ਵਲੋਂ ਦਿਨ ਭਰ ਦੀ ਭੁੱਖ ਹੜਤਾਲ ਵੀ ਕੀਤੀ ਗਈ| ਜਥੇਬੰਦੀ ਦੇ ਆਗੂ ਗੁਰਦੇਵ ਸਿੰਘ, ਪਰਗਟ ਸਿੰਘ ਅਤੇ ਪਰਵਿੰਦਰ ਸਿੰਘ ਨੇ ਦੱਸਿਆ ਕਿ ਕਮੇਟੀ ਹੱਤਿਆ ਲਈ ਅਦਾਲਤ ਵਲੋਂ ਕਸੂਰਵਾਰ ਠਹਿਰਾਏ ਗਏ ਮੁਲਜ਼ਮ ਦੀ ਮਦਦ ਕਰਨ ਵਾਲੇ ਮੁਲਾਜ਼ਮਾਂ ਖਿਲਾਫ਼ ਕਾਰਵਾਈ ਕਰਨ ਅਤੇ ਪਰਿਵਾਰ ਲਈ ਮੁਆਵਜ਼ੇ ਦੀ ਮੰਗ ਕਰ ਰਹੀ ਹੈ| ਆਜ਼ਾਦੀ ਦਿਹਾੜੇ ਮੌਕੇ ਜਥੇਬੰਦੀ ਦੀਆਂ ਮਹਿਲਾ ਕਰਕੁਨਾਂ ਭੁੱਖ ਹੜਤਾਲ ’ਤੇ ਬੈਠੀਆਂ| ਕਮੇਟੀ ਨੂੰ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਨਿਆਂ ਦੇਣ ਯਕੀਨ ਦਿੱਤਾ ਹੈ| ਇਸ ਮੌਕੇ ਜਥੇਬੰਦੀ ਨੂੰ ਆਮ ਆਦਮੀ ਪਾਰਟੀ ਦੇ ਆਗੂ ਲਾਲਜੀਤ ਸਿੰਘ ਭੁੱਲਰ ਸਮੇਤ ਕਈ ਹੋਰ ਰਾਜਸੀ, ਧਾਰਮਿਕ ਸਮਾਜੀ ਸੰਸਥਾਵਾਂ ਨੇ ਭਵਿੱਖ ਵਿੱਚ ਸਹਿਯੋਗ ਦੇਣ ਦਾ ਵਿਸ਼ਵਾਸ ਦਿੱਤਾ ਹੈ|