ਐੱਨਪੀ ਧਵਨ
ਪਠਾਨਕੋਟ, 29 ਜੁਲਾਈ
ਇੱਥੇ ਬੀਤੇ ਕੱਲ੍ਹ ਲਗਾਤਾਰ ਹੋਈ ਬਾਰਸ਼ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਤਾਰਾਗੜ੍ਹ ਅਤੇ ਨਾਲ ਲੱਗਦੇ ਕਰੀਬ ਦਰਜਨ ਭਰ ਪਿੰਡਾਂ ਵਿੱਚ ਪਾਣੀ ਜਮ੍ਹਾਂ ਹੋ ਗਿਆ। ਇਸ ਕਰਕੇ ਪਿੰਡ ਤਾਰਾਗੜ੍ਹ ਦੇ ਵਾਸੀਆਂ ਨੂੰ ਆਪਣੇ ਘਰ ਛੱਡ ਕੇ ਸੁਰੱਖਿਅਤ ਸਥਾਨਾਂ ’ਤੇ ਜਾਣਾ ਪਿਆ ਅਤੇ ਬਹੁਤ ਸਾਰਿਆਂ ਨੂੰ ਰਾਤ ਛੱਤਾਂ ਉੱਪਰ ਗੁਜ਼ਾਰਨੀ ਪਈ। ਬਾਰਸ਼ ਦਾ ਪਾਣੀ ਲੋਕਾਂ ਦੇ ਘਰਾਂ ਵਿੱਚ ਵੜ ਗਿਆ ਜਿਸ ਨਾਲ ਲੋਕਾਂ ਨੂੰ ਬਾਹਰ ਨਿਕਲਣ ਵਿੱਚ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਇੱਥੋਂ ਤੱਕ ਕਿ ਤਾਰਾਗੜ੍ਹ ਦਾ ਪਰਿਵਾਰ ਬਾਰਸ਼ ਦੇ ਪਾਣੀ ਵਿੱਚ ਫਸ ਗਿਆ ਜਿਸ ਨੂੰ ਅੱਜ ਸਵੇਰੇ ਪਿੰਡ ਦੇ ਨੌਜਵਾਨਾਂ ਨੇ ਮੰਜੇ ’ਤੇ ਬਿਠਾ ਕੇ ਡੂੰਘੇ ਪਾਣੀ ਵਿੱਚੋਂ ਬਾਹਰ ਕੱਢ ਕੇ ਸੁਰੱਖਿਅਤ ਸਥਾਨ ’ਤੇ ਪਹੁੰਚਾਇਆ। ਸਾਰੇ ਪਾਸੇ ਪਾਣੀ ਜਮ੍ਹਾਂ ਹੋ ਜਾਣ ਦੀ ਸੂਚਨਾ ਮਿਲਦਿਆਂ ਸਾਰ ਸਵੇਰੇ ਹੀ ਇਸ ਹਲਕੇ ਦੇ ਸਬੰਧਿਤ ਵਿਧਾਇਕ ਤੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ, ਡਿਪਟੀ ਕਮਿਸ਼ਨਰ ਹਰਬੀਰ ਸਿੰਘ, ਡੀਆਰਓ ਅਰਵਿੰਦਰ ਪਾਲ ਸਿੰਘ, ਤਹਿਸੀਲਦਾਰ ਲਛਮਣ ਸਿੰਘ, ਬੀਡੀਪੀਓ ਸਮੇਤ ਹੋਰ ਉਚ ਅਧਿਕਾਰੀ ਮੌਕੇ ’ਤੇ ਪੁੱਜੇ ਅਤੇ ਉਨ੍ਹਾਂ ਸਾਰੀ ਸਥਿਤੀ ਦਾ ਜਾਇਜ਼ਾ ਲਿਆ। ਇਸ ਮੌਕੇ ਜਨਰਲ ਰਿਜ਼ਰਵ ਇੰਜਨੀਅਰਿੰਗ ਫੋਰਸ (ਗਰੈਫ) ਵਿਭਾਗ ਦੇ ਅਧਿਕਾਰੀ ਵੀ ਮੌਕੇ ’ਤੇ ਪੁੱਜੇ।
ਮੰਤਰੀ ਅਤੇ ਡਿਪਟੀ ਕਮਿਸ਼ਨਰ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਗਰੈਫ ਵਿਭਾਗ ਦੇ ਅਧਿਕਾਰੀਆਂ ਨੂੰ ਉੱਥੇ ਗਰੈਫ ਵੱਲੋਂ ਬਣਾਏ ਜਾ ਰਹੇ ਅਸਥਾਈ ਬੰਨ੍ਹ ਨੂੰ ਤੁਰੰਤ ਤੋੜਨ ਦੇ ਨਿਰਦੇਸ਼ ਦਿੱਤੇ ਅਤੇ ਉਨ੍ਹਾਂ ਆਪਣੀ ਹਾਜ਼ਰੀ ਵਿੱਚ ਗਰੈਫ ਵਿਭਾਗ ਦੀ ਜੇਸੀਬੀ ਮਸ਼ੀਨ ਲਗਵਾ ਕੇ ਅਸਥਾਈ ਬੰਨ੍ਹ ਨੂੰ ਤੁੜਵਾਇਆ। ਇਸ ਨਾਲ ਪਾਣੀ ਦੀ ਨਿਕਾਸੀ ਵਿੱਚ ਤੇਜ਼ੀ ਆਉਣੀ ਸ਼ੁਰੂ ਹੋਈ ਤੇ ਪਿੰਡਾਂ ਵਿੱਚ ਜਮ੍ਹਾਂ ਪਾਣੀ ਉਤਰਨਾ ਸ਼ੁਰੂ ਹੋ ਗਿਆ। ਪਾਣੀ ਉਤਰਨਾ ਸ਼ੁਰੂ ਹੋਣ ਨਾਲ ਲੋਕਾਂ ਦਾ ਸਾਹ ਵਿੱਚ ਸਾਹ ਆਇਆ। ਜ਼ਿਕਰਯੋਗ ਹੈ ਕਿ ਤਾਰਾਗੜ੍ਹ ਦੇ ਮੁੱਖ ਮਾਰਗ ਵਿੱਚ ਗਰੈਫ ਵਿਭਾਗ ਵੱਲੋਂ ਨੌਮਣੀ ਨਾਲੇ ਉੱਪਰ ਪੁਲ ਬਣਾਉਣ ਲਈ ਟ੍ਰੈਫਿਕ ਨੂੰ ਚਾਲੂ ਰੱਖਣ ਲਈ ਬਦਲਵੇਂ ਪ੍ਰਬੰਧ ਵਜੋਂ ਆਰਜ਼ੀ ਬੰਨ੍ਹ ਬਣਾਇਆ ਗਿਆ ਸੀ ਅਤੇ ਪਾਣੀ ਦੀ ਨਿਕਾਸੀ ਲਈ ਇਸ ਆਰਜ਼ੀ ਬੰਨ੍ਹ ਦੇ ਹੇਠਾਂ ਛੋਟੀਆਂ-ਛੋਟੀਆਂ ਪਾਈਪਾਂ ਪਾਈਆਂ ਸਨ ਪਰ ਇਹ ਪਾਈਪਾਂ ਪਾਣੀ ਦੀ ਆਮਦ ਮੂਹਰੇ ਛੋਟੀਆਂ ਪੈ ਗਈਆਂ ਅਤੇ ਬਰਸਾਤ ਦਾ ਪਾਣੀ ਜਮ੍ਹਾਂ ਹੋ ਗਿਆ। ਇਹ ਪਾਣੀ ਤਾਰਾਗੜ੍ਹ, ਪੁਰਾਣਾ ਤਾਰਾਗੜ੍ਹ, ਭਟੋਆ, ਨੰਗਲ, ਫੂਲਪੁਰ, ਦਰਸ਼ੋਪੁਰ, ਮਦੀਨਪੁਰ, ਮਾਜਰਾ, ਕੋਠੇ ਖਿਆਲਾ ਆਦਿ ਪਿੰਡਾਂ ਵਿੱਚ ਜਮ੍ਹਾਂ ਹੋ ਗਿਆ।
ਪਾਣੀ ਜਮ੍ਹਾ ਹੁੰਦਾ ਦੇਖ ਕੇ ਲੋਕਾਂ ਨੇ ਗਰੈਫ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਪਰ ਕੋਈ ਵੀ ਅਧਿਕਾਰੀ ਟੱਸ ਤੋਂ ਮੱਸ ਨਾ ਹੋਇਆ। ਅਖੀਰ ਲੋਕਾਂ ਨੇ ਅੱਜ ਗਰੈਫ ਵਿਭਾਗ ਦੇ ਅਧਿਕਾਰੀਆਂ ਖਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਕਿਹਾ ਕਿ ਗਰੈਫ ਵਿਭਾਗ ਦੀ ਅਣਗਹਿਲੀ ਦਾ ਖਮਿਆਜ਼ਾ ਉਨ੍ਹਾਂ ਨੂੰ ਭੁਗਤਣਾ ਪੈ ਰਿਹਾ ਹੈ। ਤਰਸੇਮ ਸਿੰਘ, ਹਰਜੀਤ ਸਿੰਘ, ਵਿੱਕੀ, ਮੱਖਣ ਸਿੰਘ, ਪੂਰਨ ਚੰਦ, ਸੁਦੇਸ਼ ਕੁਮਾਰ, ਰੋਹਿਤ ਕੁਮਾਰ, ਅਰਜਿਤ ਸਿੰਘ, ਸੂਰਤੀ ਲਾਲ ਆਦਿ ਨੇ ਦੱਸਿਆ ਕਿ ਬਾਰਸ਼ ਦਾ ਪਾਣੀ ਗਰਾਮ ਪੰਚਾਇਤ ਤਾਰਾਗੜ੍ਹ ਦੇ ਵਾਰਡ ਨੰਬਰ 1 ਵਿੱਚ ਲੋਕਾਂ ਦੇ ਘਰਾਂ ਵਿੱਚ ਵੜ ਗਿਆ, ਜਿਸ ਨਾਲ 15 ਘਰਾਂ ਦਾ ਕਾਫੀ ਨੁਕਸਾਨ ਹੋਇਆ ਹੈ। ਇਸ ਦੇ ਇਲਾਵਾ ਨੌਮਣੀ ਨਾਲੇ ਵਾਲੇ ਬਣਾਏ ਜਾ ਰਹੇ ਪੁਲ ਦੇ ਕਿਨਾਰੇ ਕਿਸਾਨਾਂ ਦੀ ਕਰੀਬ 100 ਏਕੜ ਜ਼ਮੀਨ ਹੈ ਜਿਸ ਵਿੱਚ ਉਨ੍ਹਾਂ ਫਸਲਾਂ ਲਈ ਸੋਲਰ ਮੋਟਰ ਅਤੇ ਇੰਜਨ ਵੀ ਲਗਵਾਏ ਹਨ ਜੋ ਫਸਲਾਂ ਦੇ ਨਾਲ-ਨਾਲ ਉਹ ਵੀ ਪਾਣੀ ਵਿੱਚ ਡੁੱਬ ਚੁੱਕੇ ਹਨ। ਇਸੇ ਦੌਰਾਨ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਮੌਕੇ ’ਤੇ ਪੁੱਜ ਕੇ ਪੀੜਤ ਲੋਕਾਂ ਨੂੰ ਮਿਲੇ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਜ਼ਿਲ੍ਹਾ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ। ਮੌਕੇ ’ਤੇ ਮੌਜੂਦ ਡਿਪਟੀ ਕਮਿਸ਼ਨਰ ਹਰਬੀਰ ਸਿੰਘ ਨੇ ਰੈਵੇਨਿਊ ਵਿਭਾਗ ਦੇ ਅਧਿਕਾਰੀਆਂ ਨੂੰ ਨੁਕਸਾਨ ਹੋਏ ਘਰਾਂ ਦੀ ਰਿਪੋਰਟ ਬਣਾ ਕੇ ਭੇਜਣ ਦੇ ਨਿਰਦੇਸ਼ ਦਿੱਤੇ।