ਗੁਰਭੇਜ ਸਿੰਘ ਰਾਣਾ
ਸ੍ਰੀ ਹਰਗੋਬਿੰਦਪੁਰ, 8 ਜਨਵਰੀ
ਸ੍ਰੀ ਹਰਗੋਬਿੰਦਪੁਰ ਵਾਸੀਆਂ ਦੀ ਦਹਾਕਿਆਂ ਪੁਰਾਣੀ ਬੱਸ ਅੱਡੇ ਦੀ ਮੰਗ ਨੂੰ ਪੂਰਿਆਂ ਕਰਦਿਆਂ ਅੱਜ ਸੂਬੇ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸ੍ਰੀ ਹਰਗੋਬਿੰਦਪੁਰ ਵਿਖੇ ਨਵੇਂ ਬੱਸ ਅੱਡੇ ਦੀ ਉਸਾਰੀ ਦਾ ਨੀਂਹ ਪੱਥਰ ਰੱਖ ਦਿੱਤਾ ਹੈ। ਇਸ ਮੌਕੇ ਉਨ੍ਹਾਂ ਨਾਲ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਵਿਧਾਇਕ ਬਲਵਿੰਦਰ ਸਿੰਘ ਲਾਡੀ, ਹਲਕਾ ਬਾਬਾ ਬਕਾਲਾ ਸਾਹਿਬ ਦੇ ਵਿਧਾਇਕ ਸੰਤੋਖ ਸਿੰਘ ਭਲਾਈਪੁਰ, ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਆਦਿ ਹਾਜ਼ਰ ਸਨ।
ਸ੍ਰੀ ਬਾਦਲ ਨੇ ਕਿਹਾ ਕਿ ਸਾਰੀਆਂ ਆਧੁਨਿਕ ਸਹੂਲਤਾਂ ਨਾਲ ਲੈਸ ਇਸ ਬੱਸ ਅੱਡੇ ਦੀ ਉਸਾਰੀ ਉੱਪਰ 2.36 ਕਰੋੜ ਰੁਪਏ ਖ਼ਰਚੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਬੱਸ ਅੱਡੇ ਦੀ ਉਸਾਰੀ ਨਾਲ ਸ੍ਰੀ ਹਰਗੋਬਿੰਦਪੁਰ ਸਮੇਤ ਸਮੁੱਚੇ ਇਲਾਕੇ ਦੇ ਵਸਨੀਕਾਂ ਨੂੰ ਲਾਭ ਪਹੁੰਚੇਗਾ। ਉਨ੍ਹਾਂ ਸ੍ਰੀ ਹਰਗੋਬਿੰਦਪੁਰ ਦੇ ਵਿਕਾਸ ਲਈ 2 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਹਲਕੇ ਦੇ ਵਿਕਾਸ ਲਈ ਜਿੰਨੀ ਵੀ ਹੋਰ ਵੀ ਗਰਾਂਟ ਲੋੜੀਂਦੀ ਹੋਵੇਗੀ ਉਹ ਮੁਹੱਈਆ ਕਰਵਾਈ ਜਾਵੇਗੀ। ਇਸ ਮੌਕੇ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਵਿਧਾਇਕ ਬਲਵਿੰਦਰ ਸਿੰਘ ਲਾਡੀ ਨੇ ਕਿਹਾ ਕਿ ਹਲਕੇ ਦੀਆਂ 70 ਫ਼ੀਸਦੀ ਸੜਕਾਂ ਦੀ ਮੁਰੰਮਤ ਕੀਤੀ ਜਾ ਚੁੱਕੀ ਹੈ।
ਅੰਮਿ੍ਤਸਰ (ਖੇਤਰੀ ਪ੍ਰਤੀਨਿਧ): ਮੇਅਰ ਕਰਮਜੀਤ ਸਿੰਘ ਰਿੰਟੂ ਵਲੋਂ ਹਲਕਾ ਪੂਰਬੀ ਦੀ ਵਾਰਡ ਨੰਬਰ 45 ਵਿਖੇ 100 ਫੁੱਟੀ ਰੋਡ ਦੇ ਨਜ਼ਦੀਕ ਪਾਰਕ ਅਤੇ ਰੋਡ ਦੀ ਇਕ ਸਾਈਡ ’ਤੇ ਗ੍ਰੀਨ ਬੈਲਟ ਦੇ ਨਿਰਮਾਣ ਦਾ ਉਦਘਾਟਨ ਕੀਤਾ ਗਿਆ। ਇਹ ਕੰਮ 64 ਲੱਖ ਰੁਪਏ ਦੀ ਲਾਗਤ ਨਾਲ ਕੀਤਾ ਜਾਵੇਗਾ। ਇਸੇ ਦੌਰਾਨ ਮੇਅਰ ਰਿੰਟੂ ਵਲੋਂ ਵੇਰਕਾ ਵਿਖੇ ਵਾਰਡ ਨੰ: 23 ਦੇ ਇਲਕਿਆਂ ’ਚ ਇੰਟਰਲਾਕਿੰਗ ਟਾਇਲਾਂ ਅਤੇ ਸੀ.ਸੀ ਫਲੋਰਿੰਗ ਦੇ ਕੰਮਾਂ ਦਾ ਉਦਘਾਟਨ ਕੀਤਾ ਗਿਆ। ਉਨ੍ਹਾਂ ਨੇ ਵੇਰਕਾ ਦੇ ਸ਼ਮਸ਼ਾਨ ਘਾਟ ਨੂੰ ਬੁਨਿਆਦੀ ਸਹੂਲਤਾਂ ਪੱਖੋਂ ਦਰੁਸਤ ਕਰਨ ਲਈ ਵੀ ਕੰਮਾਂ ਦੀ ਸ਼ੁਰੂਆਤ ਕੀਤੀ।
ਹੁਸ਼ਿਆਰਪੁਰ (ਪੱਤਰ ਪੇ੍ਰਕ): ਵਿਧਾਇਕ ਡਾ. ਰਾਜ ਕੁਮਾਰ ਚੱਬੇਵਾਲ ਨੇ ਪਿੰਡ ਅਹਿਰਾਣਾ ਖੁਰਦ ਵਿਚ 14 ਪਿੰਡਾਂ ਦੀਆਂ ਪੰਚਾਇਤਾਂ ਨੂੰ 5.98 ਕਰੋੜ ਰੁਪਏ ਦੀ ਗ੍ਰਾਂਟ ਦੇ ਪ੍ਰਵਾਨਗੀ ਪੱਤਰ ਵੰਡੇ। ਇਸ ਮੌਕੇ ਜਸਬੀਰ ਕੌਰ ਸੰਮਤੀ ਮੈਂਬਰ, ਸਰਪੰਚ ਬਲਵਿੰਦਰ ਕੌਰ, ਮਲਕੀਤ ਸਿੰਘ, ਮੇਜਰ ਥਿਆੜਾ, ਸੰਤ ਪ੍ਰਕਾਸ਼ ਅੱਤੋਵਾਲ, ਸਤਨਾਮ ਸਿੰਘ ਹਰਖੋਵਾਲ ਆਦਿ ਮੌਜੂਦ ਸਨ।