ਹਰਪਾਲ ਸਿੰਘ ਨਾਗਰਾ
ਫਤਿਹਗੜ੍ਹ ਚੂੜੀਆਂ, 25 ਮਾਰਚ
ਕਿਸਾਨੀ ਸੰਘਰਸ਼ ਦੇ ਸਮਰਥਨ ਲਈ ‘ਹੱਕਾਂ ਦੀ ਦੌੜ’ ਲਗਾਉਂਦਿਆਂ ਮਨਜੀਤ ਕੌਰ (30 ਸਾਲ) ਪਿੰਡ ਅਲਾਵਲ ਵਾਲਾ ਤੋਂ 500 ਕਿੱਲੋਮੀਟਰ ਦੂਰ ਦਿੱਲੀ ਵਿੱਚ ਕਿਸਾਨੀ ਮੋਰਚੇ ਵਿੱਚ ਸ਼ਾਮਿਲ ਹੋਣ ਲਈ ਰਵਾਨਾ ਹੋਈ। ਇਸ ਮੌਕੇ ਮਨਜੀਤ ਕੌਰ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਸ ਦੇ ਚਾਚਾ ਸਹੁਰਾ ਹਰਭਜਨ ਸਿੰਘ ( 73 ਸਾਲ) ਕਿਸਾਨਾਂ ਦੇ ਸੰਘਰਸ਼ ਵਿੱਚ 500 ਕਿੱਲੋਮੀਟਰ ਦੌੜ ਲਗਾ ਕੇ ਦਿੱਲੀ ਗਏ ਸਨ। ਉਨ੍ਹਾਂ ਦੱਸਿਆ ਕਿ ਚਾਚਾ ਜੀ ਤੋਂ ਪਰੇਰਿਤ ਹੋ ਕੇ ਖੇਤੀ ਕਨੂੰਨਾਂ ਦੇ ਵਿਰੋਧ ਵਿੱਚ ਪਿੰਡ ਤੋਂ ਦੌੜ ਕੇ ਦਿੱਲੀ ਜਾਣ ਦਾ ਫੈਸਲਾ ਕੀਤਾ ਹੈ। ਬੀਬੀ ਮਨਜੀਤ ਕੌਰ ਦੇ ਪਤੀ ਹਰਦੇਵ ਸਿੰਘ ਨੇ ਦੱਸਿਆ ਕਿ ਪਰਿਵਾਰਿਕ ਮੈਂਬਰਾਂ ਅਤੇ ਪਿੰਡ ਵਾਸੀਆ ਵੱਲੋਂ ਪੂਰਾ ਸਹਿਯੋਗ ਮਿਲ ਰਿਹਾ। ਇਸ ਮੌਕੇ ਦੌੜਾਕ ਮਨਜੀਤ ਕੌਰ ਨੇ ਕਿਹਾ ਕਿ ਕਿਸਾਨਾਂ ਦੇ ਸੰਘਰਸ਼ ਲਈ ਲੋਕਾਂ ਵਿੱਚ ਉਤਸ਼ਾਹ ਪੈਦਾ ਕਰਨ ਲਈ ਉਹ ਦੌੜ ਲਗਾ ਰਹੀ ਹੈ।ਉਨ੍ਹਾਂ ਨੌਜਵਾਨ ਕਿਸਾਨ ਬੀਬੀਆਂ ਨੂੰ ਅਪੀਲ ਕੀਤੀ ਕਿ ਉਹ ਕਿਸਾਨ ਮੋਰਚੇ ਦਿੱਲੀ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਮੂਲੀਅਤ ਕਰਨ।