ਗੁਰਬਖਸ਼ਪੁਰੀ
ਤਰਨ ਤਾਰਨ, 17 ਜੂਨ
ਇਥੇ ਦਾਣਾ ਮੰਡੀ ’ਚ ਮਾਰਕੀਟ ਕਮੇਟੀ ਦੇ ਨਿਕੰਮੇ ਪ੍ਰਬੰਧਾਂ ਕਰਕੇ ਮੰਡੀ ਵਿੱਚ ਅੱਜ ਵਿਕਣ ਲਈ ਆਈ ਮੱਕੀ ਦੀ ਜਿਣਸ ਦੀ ਭਾਰੀ ਬੇਕਦਰੀ ਹੋਈ| ਮੰਡੀ ਵਿੱਚ ਅੱਜ ਸਵੇਰ ਤੋਂ ਹੀ ਮੱਕੀ ਦੀ ਜਿਣਸ ਵੇਚਣ ਲਈ ਪਹੁੰਚੀ ਸੀ| ਜਿਣਸ ਨੂੰ ਸੁਕਾਉਣ ਲਈ ਆੜ੍ਹਤੀਆਂ ਦੀ ਲੇਬਰ ਵੱਲੋਂ ਅਜੇ ਮੰਡੀ ਦੇ ਫੜ੍ਹਾਂ ਵਿੱਚ ਖਿਲਾਰਿਆ ਹੀ ਸੀ ਕਿ ਬਾਰਸ਼ ਸ਼ੁਰੂ ਹੋ ਗਈ| ਇਹ ਬਾਰਸ਼ ਦੁਪਹਿਰ ਦੇ 12 ਵਜੇ ਤੱਕ ਜਾਰੀ ਰਹੀ ਜਿਹੜੀ ਖੁੱਲ੍ਹੇ ਅਸਮਾਨ ਹੇਠਾਂ ਪਈ ਮੱਕੀ ਦੀ ਜਿਣਸ ਤੇ ਪੈਂਦੀ ਰਹੀ| ਮੰਡੀ ਵਿੱਚ ਆਈ ਮੱਕੀ ਦੀ ਜਿਣਸ ਨੂੰ ਸ਼ੈੱਡਾਂ ਹੇਠਾਂ ਰਖਵਾਉਣ ਲਈ ਉਚਿਤ ਬੰਦੋਬਸਤ ਨਹੀਂ ਸੀ ਜਿਸ ਕਰਕੇ ਮੱਕੀ ਦੀ ਖੁੱਲ੍ਹੇ ਅਸਮਾਨ ਹੇਠਾਂ ਰਹਿਣ ਕਰਕੇ ਬੇਕਦਰੀ ਦਾ ਸ਼ਿਕਾਰ ਬਣਦੀ ਰਹੀ| ਜਿਣਸ ਬੁਦਬੂ ਮਾਰਨ ਲੱਗ ਗਈ ਸੀ| ਇਹ ਜਿਣਸ ਘੰਟਿਆਂ ਤੱਕ ਬਾਰਸ਼ ਦੇ ਪਾਣੀ ਵਿੱਚ ਹੀ ਘਿਰੀ ਰਹੀ| ਜਿਣਸ ਦੇ ਮਾਲਕ ਕਿਸਾਨ ਨੇ ਕਿਹਾ ਕਿ ਨੁਕਸਾਨ ਦੇ ਚੱਲਦਿਆਂ ਇਸ ਜਿਣਸ ਨੂੰ ਪਸ਼ੂਆਂ ਦੀ ਫੀਡ ਬਣਾਉਣ ਵਾਲੀਆਂ ਫਰਮਾਂ ਵੱਲੋਂ ਹੀ ਖਰੀਦਿਆ ਜਾਣਾ ਹੈ ਜਿਸ ਨਾਲ ਭਾਅ ਅੱਧ ਤੱਕ ਆ ਜਾਣਾ ਹੈ| ਮੰਡੀ ਦੇ ਆੜ੍ਹਤੀ ਨੇ ਕਿਹਾ ਕਿ ਉਨ੍ਹਾਂ ਜਿਣਸ ਨੂੰ ਕਿਸੇ ਵਧੇਰੇ ਨੁਕਸਾਨ ਤੋਂ ਬਚਾਉਣ ਲਈ ਖਾਲੀਆਂ ’ਚ ਵੰਡ ਦਿੱਤਾ ਜਿਸ ਨਾਲ ਜਿਣਸ ’ਤੇ ਪੈਂਦਾ ਬਾਰਸ਼ ਦੇ ਪਾਣੀ ਦਾ ਨਿਕਾਸ ਹੁੰਦਾ ਰਿਹਾ ਤੇ ਬਾਰਸ਼ ਦੇ ਬਾਅਦ ਜਿਣਸ ਨੂੰ ਸੁਕਾਉਣ ਲਈ ਲੇਬਰ ਕੰਮ ਕਰਨਾ ਸ਼ੁਰੂ ਕਰੇਗੀ| ਮੰਡੀ ’ਚ ਜਿਣਸ ਨੂੰ ਨੁਕਸਾਨ ਤੋਂ ਬਚਾਉਣ ਲਈ ਬੰਦੋਬਸਤ ਨਾ ਕੀਤੇ ਜਾਣ ਦੀ ਜਾਣਕਾਰੀ ਲੈਣ ਲਈ ਮਾਰਕੀਟ ਕਮੇਟੀ ਦੇ ਸੈਕਟਰੀ ਆਰ. ਕੇ. ਭਾਟੀਆਂ ਨੂੰ ਮੋਬਾਈਲ ਕੀਤਾ ਪਰ ਉਸ ਨੇ ਹੁੰਗਾਰਾ ਨਹੀਂ ਦਿੱਤਾ|